ਬਿ੍ਰਟਿਸ਼ ਕੋਲੰਬੀਆ ’ਚ ਅਗਵਾ ਹੋਏ ਬੱਚਿਆਂ ਦੀ ਨਹੀਂ ਮਿਲੀ ਕੋਈ ਉੱਘ-ਸੁੱਗ

Amber Alert

Surrey- ਸਰੀ ਦੇ ਰਹਿਣ ਵਾਲੇ ਦੋ ਬੱਚਿਆਂ 8 ਸਾਲਾ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਦੇ ਅਗਵਾ ਹੋਣ ਮਗਰੋਂ ਬਿ੍ਰਟਿਸ਼ ਕੋਲੰਬੀਆ ’ਚ ਜਾਰੀ ਹੋਇਆ ਅੰਬਰ ਅਲਰਟ ਅੱਜ ਛੇਵੇਂ ਦਿਨ ’ਚ ਪਹੁੰਚ ਗਿਆ ਹੈ ਪਰ ਅਜੇ ਤੱਕ ਵੀ ਪੁਲਿਸ ਬੱਚਿਆਂ ਨੂੰ ਨਹੀਂ ਲੱਭ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਦੀ ਕਥਿਤ ਅਗਵਾਕਾਰੀ ਪੂਰੇ ਯੋਜਨਾਬੰਧ ਤਰੀਕੇ ਨਾਲ ਕੀਤੀ ਗਈ ਸੀ। ਇਸ ਮਾਮਲੇ ’ਚ ਅੱਜ ਜਾਣਕਾਰੀ ਦਿੰਦਿਆਂ ਸਰੀ ਆਰ. ਸੀ. ਐਮ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਪੁਖਤਾ ਜਾਣਕਾਰੀ ਮਿਲੀ ਹੈ ਕਿ ਬੱਚੇ ਆਪਣੀ ਮਾਂ ਵੇਰਿਟੀ ਬੋਲਟਨ, ਉਸ ਦੇ ਪਿਤਾ ਰੌਬਰਟ ਬੋਲਟਨ ਅਤੇ ਉਸ ਦੇ ਪ੍ਰੇਮੀ ਅਬਰਾਕਸਸ ਗਲਾਜ਼ੋਵ ਨਾਲ ਕਿਸੇ ਪੇਂਡੂ ਇਲਾਕੇ ’ਚ ਰਹਿ ਰਹੇ ਹਨ। ਇਸ ਸੰਬੰਧੀ ਆਰ. ਸੀ. ਐਮ. ਪੀ. ਦੇ ਬੁਲਾਰੇ ਸਾਰਜੈਂਟ ਟੈਮੀ ਲਾਬ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਨੂੰ ਸੂਚਿਤ ਕਰਨ। ਦੱਸਣਯੋਗ ਹੈ ਕਿ ਦੋਵੇਂ ਬੱਚੇ ਆਪਣੇ ਪਿਤਾ ਨਾਲ ਸਰੀ ’ਚ ਰਹਿੰਦੇ ਸਨ ਅਤੇ ਬੱਚਿਆਂ ਦੀ ਪ੍ਰਾਇਮਰੀ ਕਸਟਿਡੀ ਉਨ੍ਹਾਂ ਦੇ ਪਿਤਾ ਕੋਲ ਹੈ। ਬੀਤੀ 28 ਜੂਨ ਨੂੰ ਉਹ ਦੋਵੇਂ ਆਪਣੀ ਮਾਂ ਨਾਲ ਕੈਂਪਿੰਗ ਕਰਨ ਲਈ ਸਰੀ ਤੋਂ ਕਲੋਨਾ ਗਏ ਸਨ ਅਤੇ 17 ਜੁਲਾਈ ਨੂੰ ਉਨ੍ਹਾਂ ਨੇ ਵਾਪਸ ਸਰੀ ਆਉਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਬੱਚਿਆਂ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ। ਇਸ ਤੋਂ ਬਾਅਦ ਪੁਲਿਸ ਵਲੋਂ ਅੰਬਰ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।