ਐੱਨ.ਆਰ.ਆਈ ਵੀਰਾਂ ਨੂੰ ਸੌਗਾਤ ਦੇ ਗਏ ਕੇਜਰੀਵਾਲ,ਦਿੱਤੀਆਂ ਦੋ ਗਾਰੰਟੀਆਂ

ਜਲੰਧਰ- ਆਮ ਆਦਮੀ ਪਾਰਟੀ ਵਲੋਂ ਬੁੱਧਵਾਰ ਨੂੰ ਜਲੰਧਰ ‘ਚ ਤਿਰੰਗਾ ਯਾਤਰਾ ਕੱਢੀ ਗਈ.ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਯਾਤਰਾ ਦਾ ਹਿੱਸਾ ਬਣੇ.ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਕੇਜਰੀਵਾਲ ਨੇ ਐੱਨ.ਆਰ.ਆਈ ਤਬਕੇ ਦੇ ਗੜ੍ਹ ਦੁਆਬੇ ਦੀ ਧਰਤੀ ਜਲੰਧਰ ‘ਚ ਇੰਟਰਨੈਸ਼ਨਲ ਏਅਰਪੋਰਟ ਦਾ ਐਲਾਨ ਕੀਤਾ.ਖੇਡ ਸਮਾਨ ਬਨਾਉਣ ਲਈ ਦੁਨੀਆਂ ਭਰ ਚ ਮਸ਼ਹੂਰ ਜਲੰਧਰ ਸ਼ਹਿਰ ਲਈ ਉਨ੍ਹਾਂ ਸਪੋਰਟਸ ਯੂਨੀਵਰਸਿਟੀ ਦਾ ਵੀ ਐਲਾਨ ਕਰ ਖੇਡ ਪ੍ਰੇਮੀਆਂ ਨੂੰ ਖੁਸ਼ ਕੀਤਾ.

ਪੰਜਾਬ ਦਾ ਦੁਆਬਾ ਖੇਤਰ ਐੱਨ.ਆਰ.ਆਈ ਤਬਕੇ ਦੇ ਲਿਹਾਜ਼ ਨਾਲ ਮਸ਼ਹੂਰ ਹੈ.ਜਲੰਧਰ ਸ਼ਹਿਰ ਪੁੱਜੇ ਅਰਵਿੰਦ ਕੇਜਰੀਵਾਲ ਨੇ ਵੀ ਇਸਦੀ ਵਿਸ਼ੇਸ਼ਤਾ ਨੂੰ ਸਮਝਦਿਆਂ ਹੋਇਆ ਜਲੰਧਰ ਫੇਰੀ ਦੌਰਾਨ ਇਸਦਾ ਖਿਆਲ ਰਖਿਆ.ਜਦੋਂ ਦੀ ‘ਆਪ’ ਹੋਂਦ ਚ ਆਈ ਹੈ ਉਦੋਂ ਤੋਂ ਹੀ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਵਲੋਂ ‘ਆਪ’ ਦਾ ਖੁੱਲ੍ਹ ਕੇ ਸਮਰਥਨ ਕੀਤਾ ਗਿਆ ਹੈ.ਕੇਜਰੀਵਾਲ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ.ਸੋ ਜਲੰਧਰ ਪੁੱਜੇ ਕੇਜਰੀਵਾਲ ਨੇ ਆਪਣੀਆਂ ਗਾਰੰਟੀਆਂ ਦੀ ਲਿਸਟ ਚ ਐੱਨ.ਆਰ.ਆਈ ਕੋਟੇ ਦਾ ਵੀ ਖੂਬ ਖਿਆਲ ਕੀਤਾ.ਹਾਲਾਂਕਿ ਏਅਰਪੋਰਟ ਕੇਂਦਰ ਸਰਕਾਰ ਦਾ ਵਿਸ਼ਾ ਹੈ ਪਰ ਕੇਜਰੀਵਾਲ ਨੇ ਇੰਟਰਨੈਸ਼ਨਲ ਏਅਰਪੋਰਟ ਦਾ ਐਲਾਨ ਕਰਕੇ ਆਪਣੀ ਮੰਸ਼ਾ ਜ਼ਾਹਿਰ ਕੀਤੀ ਹੈ.

ਭਾਰਤ ਦੀ ਹਾਕੀ ਟੀਮ ਚ ਹਮੇਸ਼ਾ ਤੋਂ ਹੀ ਪੰਜਾਬੀਆਂ ਦਾ ਬੋਲਬਾਲਾ ਰਿਹਾ ਹੈ.ਜਲੰਧਰ ਦਾ ਪਿੰਡ ਸੰਸਾਰਪੁਰ ਹਾਕੀ ਦੇ ਮੱਕੇ ਤੋਂ ਘੱਟ ਨਹੀਂ ਹੈ.ਤਿਰੰਗਾ ਯਾਤਰਾ ਵਾਲੀ ਗੱਡੀ ਚ ਕੇਜਰੀਵਾਲ ਦੇ ਖੱਬੇ ਹੱਥ ਭਾਰਤੀ ਹਾਕੀ ਟੀਮ ਦਾ ਸਟਾਰ ਬਲਬੀਰ ਸਿੰਘ ਸੋਢੀ ਵੀ ਨਾਲ ਹੀ ਸਨ.ਸਿਰਫ ਹਾਕੀ ਹੀ ਨਹੀਂ ਕ੍ਰਿਕੇਟ ਦੀ ਦੁਨੀਆ ਚ ਸ਼ਾਇਦ ਹੀ ਕੋਈ ਅਜਿਹੀ ਟੀਮ ,ਦੇਸ਼ ਜਾਂ ਖਿਡਾਰੀ ਹੋਵੇਗਾ ਜਿਸਨੂੰ ਜਲੰਧਰ ਦੀ ਖੇਡ ਮਾਰਕਿਟ ਦਾ ਨਾ ਪਤਾ ਹੋਵੇ.ਖੇਡ ਅਤੇ ਖਿਡਾਰੀ ਨੂੰ ਪਹਿਲ ਦਿੰਦੇ ਹੋਏ ਕੇਜਰੀਵਾਲ ਨੇ ਜਲੰਧਰ ਸ਼ਹਿਰ ਚ ਸਪੋਰਟਸ ਯੂਨੀਵਰਸਿਟੀ ਖੌਲ੍ਹਣ ਦਾ ਐਲਾਨ ਕਰ ਖੇਡ ਜਗਤ ਚ ਹਲਚਲ ਪੈਦਾ ਕੀਤੀ ਹੈ.