ਨਾਰੰਗਵਾਲ ‘ਚ ਖੁੰਬ ਉਤਪਾਦਨ ਲਈ ਸਿਖਲਾਈ ਕੋਰਸ ਲਾਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਲੁਧਿਆਣਾ ਜ਼ਿਲੇ ਦੇ ਪਿੰਡ ਨਾਰੰਗਵਾਲ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਦੀ ਸਹਾਇਤਾ ਨਾਲ ਖੁੰਬ ਉਤਪਾਦਨ ਬਾਰੇ ਸਿਖਲਾਈ ਕੈਂਪ ਲਾਇਆ।

ਇਹ ਦੋ ਰੋਜ਼ਾ ਸਿਖਲਾਈ ਕੋਰਸ ਵਿਸ਼ੇਸ਼ ਤੌਰ ‘ਤੇ ਪੱਛੜੀਆਂ ਜਮਾਤਾਂ ਦੇ ਪਰਿਵਾਰਾਂ ਦਾ ਜੀਵਨ-ਪੱਧਰ ਉੱਚਾ ਚੁੱਕਣ ਲਈ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਦੇਣ ਦੇ ਉਦੇਸ਼ ਨਾਲ ਲਾਇਆ ਗਿਆ ਸੀ।

ਇਸ ਕੈਂਪ ਨੂੰ ਆਈ ਸੀ ਏ ਆਰ ਦੇ ਖੇਤੀ ਉੱਦਮ ਵਿਕਾਸ ਪ੍ਰੋਗਰਾਮ ਤਹਿਤ ਆਯੋਜਿਤ ਕੀਤਾ ਗਿਆ। ਇਸ ਵਿਚ 20 ਦੇ ਕਰੀਬ ਪੇਂਡੂਆਂ ਨੇ ਹਿੱਸਾ ਲਿਆ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਆਰਥਿਕ ਤੌਰ ‘ਤੇ ਪੱਛੜੇ ਲੋਕਾਂ ਦੀ ਬਿਹਤਰੀ ਲਈ ਵੱਖ-ਵੱਖ ਤਰੀਕਿਆਂ ਨਾਲ ਕੋਸ਼ਿਸ਼ ਕਰ ਰਹੀ ਹੈ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਪੱਛੜੇ ਲੋਕਾਂ ਨੂੰ ਸਿਖਲਾਈ ਦੇਣ ਲਈ ਖੁੰਬ ਉਤਪਾਦਨ ਅਤੇ ਪੋਸ਼ਕ ਬਗੀਚੀ ਦੀਆਂ 16 ਸਿਖਲਾਈ ਕੈਂਪ ਲਾਏ ਜਾ ਚੁੱਕੇ ਹਨ। ਉਹਨਾਂ ਨੇ ਘੱਟ ਲਾਗਤ ਨਾਲ ਖੁੰਬ ਪੈਦਾ ਕਰਕੇ ਪਰਿਵਾਰਾਂ ਨੂੰ ਆਪਣੀ ਆਮਦਨ ਵਧਾਉਣ ਦੇ ਤਰੀਕੇ ਸਿੱਖਣ ਲਈ ਪ੍ਰੇਰਿਤ ਕੀਤਾ।

ਸਿਖਲਾਈ ਦੇ ਕੁਆਰਡੀਨੇਟਰ ਡਾ. ਪੰਕਜ ਕੁਮਾਰ ਨੇ ਖੁੰਬਾਂ ਦੇ ਸਿਹਤ ਸੰਬੰਧੀ ਫਾਇਦਿਆਂ ਬਾਰੇ ਗੱਲ ਕੀਤੀ। ਮਾਈਕ੍ਰੋਬਾਇਆਲੋਜੀ ਵਿਭਾਗ ਦੇ ਵਿਦਿਆਰਥੀ ਸ੍ਰੀ ਕੰਵਰਦੀਪ ਸਿੰਘ ਨੇ ਬਟਨ ਖੁੰਬਾਂ ਬਾਰੇ ਜਾਣਕਾਰੀ ਦਿੱਤੀ। ਡਾ. ਸਵਾਤੀ ਕਪੂਰ ਨੇ ਖੁੰਬਾਂ ਦੀ ਸਾਂਭ-ਸੰਭਾਲ ਬਾਰੇ ਗੱਲ ਕੀਤੀ।

ਡਾ. ਕੁਲਵੀਰ ਕੌਰ ਨੇ ਖੁੰਬਾਂ ਤੋਂ ਬਣਾਏ ਜਾਣ ਵਾਲੇ ਪਕਵਾਨਾਂ ਦੀਆਂ ਵਿਧੀਆਂ ਸਿਖਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਆਖਰੀ ਸੈਸ਼ਨ ਵਿਚ ਪਸਾਰ ਮਾਹਿਰ ਡਾ. ਲਵਲੀਸ਼ ਗਰਗ ਨੇ ਭਾਗ ਲੈਣ ਵਾਲਿਆਂ ਨੂੰ ਖੁੰਬਾਂ ਦੇ ਮਹੱਤਵ ਬਾਰੇ ਦੱਸਦਿਆਂ ਖੁੰਬ ਉਤਪਾਦਨ ਨੂੰ ਵਧਾਉਣ ਦੇ ਨੁਕਤੇ ਦੱਸੇ। ਉਹਨਾਂ ਨੇ ਪੀ.ਏ.ਯੂ. ਦੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦਾ ਜ਼ਿਕਰ ਵੀ ਕੀਤਾ।

ਟੀਵੀ ਪੰਜਾਬ ਬਿਊਰੋ