ਅਸ਼ੋਕ ਗਹਿਲੋਤ ਦੇ ਮੰਤਰੀ ਮੰਡਲ ‘ਚ 15 ਨਵੇਂ ਮੰਤਰੀ ਸ਼ਾਮਿਲ

ਜੈਪੁਰ : ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਮੰਤਰੀ ਮੰਡਲ ਵਿਚ 15 ਵਿਧਾਇਕਾਂ ਨੇ ਨਵੇਂ ਮੰਤਰੀਆਂ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਅਤੇ ਰਾਜਪਾਲ ਦੀ ਮੌਜੂਦਗੀ ਵਿਚ ਰਾਜਸਥਾਨ ਦੇ ਰਾਜ ਭਵਨ ਵਿਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ।

ਰਾਜਪਾਲ ਕਲਰਾਜ ਮਿਸ਼ਰਾ ਨੇ ਕਾਂਗਰਸੀ ਵਿਧਾਇਕਾਂ ਮਹਿੰਦਰਜੀਤ ਸਿੰਘ ਮਾਲਵੀਆ, ਰਾਮਲਾਲ ਜਾਟ, ਮਹੇਸ਼ ਜੋਸ਼ੀ ਅਤੇ ਵਿਸ਼ਵੇਂਦਰ ਸਿੰਘ ਨੂੰ ਰਾਜਸਥਾਨ ਸਰਕਾਰ ਵਿਚ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ।

ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ 4 ਵਜੇ ਹੋਇਆ, ਜਿਸ ਵਿਚ 11 ਵਿਧਾਇਕਾਂ ਨੇ ਕੈਬਨਿਟ ਮੰਤਰੀ ਅਤੇ ਚਾਰ ਨੂੰ ਰਾਜ ਮੰਤਰੀ ਵਜੋਂ ਸਹੁੰ ਚੁਕਾਈ। ਸੂਬੇ ਦੀ ਕਾਂਗਰਸ ਸਰਕਾਰ ਅਗਲੇ ਮਹੀਨੇ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰਨ ਜਾ ਰਹੀ ਹੈ ਅਤੇ ਮੰਤਰੀ ਮੰਡਲ ਵਿਚ ਇਹ ਪਹਿਲਾ ਫੇਰਬਦਲ ਹੈ ਜਿਸ ਨੂੰ ਪਾਰਟੀ ਹਾਈਕਮਾਂਡ ਵੱਲੋਂ ਖੇਤਰੀ ਅਤੇ ਜਾਤ-ਪਾਤ ਵਿਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਜਾਰੀ ਸੂਚੀ ਅਨੁਸਾਰ ਹੇਮਾਰਾਮ ਚੌਧਰੀ, ਮਹਿੰਦਰਜੀਤ ਮਾਲਵੀਆ, ਰਾਮਲਾਲ ਜਾਟ, ਮਹੇਸ਼ ਜੋਸ਼ੀ, ਵਿਸ਼ਵੇਂਦਰ ਸਿੰਘ, ਰਮੇਸ਼ ਮੀਨਾ, ਮਮਤਾ ਭੂਪੇਸ਼, ਭਜਨਲਾਲ ਜਾਟਵ, ਟਿਕਰਾਮ ਜੂਲੀ, ਗੋਵਿੰਦ ਰਾਮ ਮੇਘਵਾਲ ਅਤੇ ਸ਼ਕੁੰਤਲਾ ਰਾਵਤ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

ਇਸ ਦੇ ਨਾਲ ਹੀ ਵਿਧਾਇਕਾਂ ਜ਼ਾਹਿਦਾ ਖਾਨ, ਬ੍ਰਿਜੇਂਦਰ ਓਲਾ, ਰਾਜੇਂਦਰ ਗੁੜਾ ਅਤੇ ਮੁਰਾਰੀਲਾਲ ਮੀਨਾ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ।ਇਨ੍ਹਾਂ ਵਿਚ ਮਮਤਾ ਭੂਪੇਸ਼, ਭਜਨ ਲਾਲ ਜਾਟਵ ਅਤੇ ਟਿਕਰਾਮ ਜੂਲੀ ਇਸ ਸਮੇਂ ਰਾਜ ਮੰਤਰੀ ਹਨ। ਉਨ੍ਹਾਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ।

ਇਸ ਸੂਚੀ ਵਿਚ ਹੇਮਾਰਾਮ ਚੌਧਰੀ, ਮੁਰਾਰੀਲਾਲ ਮੀਨਾ ਅਤੇ ਬ੍ਰਿਜੇਂਦਰ ਓਲਾ ਸਮੇਤ ਪੰਜ ਵਿਧਾਇਕ ਪਾਇਲਟ ਕੈਂਪ ਦੇ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਨਾ, ਜਿਨ੍ਹਾਂ ਨੇ ਪਿਛਲੇ ਸਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਦੇ ਖਿਲਾਫ ਬਗਾਵਤ ਦਾ ਰੁਖ ਅਖਤਿਆਰ ਕਰਨ ‘ਤੇ ਪਾਇਲਟ ਦੇ ਨਾਲ ਅਹੁਦੇ ਤੋਂ ਹਟਾ ਦਿੱਤਾ ਸੀ, ਨੂੰ ਮੁੜ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਹੈ।

ਟੀਵੀ ਪੰਜਾਬ ਬਿਊਰੋ