ਐੱਸ.ਜੀ.ਪੀ.ਸੀ ਚੋਣਾਂ ‘ਚ ਲਿਫਾਫਾ ਕਲਚਰ ਬੰਦ ਕਰਨ ਸੁਖਬੀਰ ਬਾਦਲ- ਬੀਬੀ ਜਗੀਰ ਕੌਰ

ਕਪੂਰਥਲਾ- ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਰਗੇ ਦਿੱਗਜ ਨੇਤਾਵਾਂ ਦੇ ਵਿਧਾਨ ਸਭਾ ਚੋਣਾ ਹਾਰਨ ਦੇ ਨਾਲ ਹੀ ਸ਼੍ਰੌਮਣੀ ਅਕਾਲੀ ਦਲ ਵਿੱਚ ਬਗਾਵਤ ਅਤੇ ਕਲੇਸ਼ ਖਤਮ ਨਹੀਂ ਹੋ ਰਿਹਾ ਹੈ ।ਹੁਣ ਸਾਬਕਾ ਮੰਤਰੀ ਅਤੇ ਸਾਬਕਾ ਸ਼੍ਰੌਮਣੀ ਕਮੇਟੀ ਕਮੇਟੀ ਪ੍ਰਧਾਨ ਪਾਰਟੀ ਦੀ ਸੀਨੀਅਰ ਅਹੁਦੇਦਾਰ ਬੀਬੀ ਜਗੀਰ ਕੌਰ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਮੋਰਚਾ ਖੋੋਲ੍ਹ ਦਿੱਤਾ ਹੈ । ਸ਼੍ਰੌਮਣੀ ਕਮੇਟੀ ਦਾ ਮੁੜ ਤੋਂ ਪ੍ਰਧਾਨ ਬਨਣ ਦੀ ਇੱਛਾ ਰਖਣ ਵਾਲੀ ਬੀਬੀ ਨੇ ਕਮੇਟੀ ਚੋਣਾ ਚ ਲਿਫਾਫਾ ਕਲਚਰ ਦਾ ਵਿਰੋਧ ਕੀਤਾ ਹੈ । ਬੀਬੀ ਦਾ ਕਹਿਣਾ ਹੈ ਕਿ ਕਮੇਟੀ ਪ੍ਰਧਾਨ ਦੀ ਚੋਣ ਕਾਬਲੀਅਤ ਦੇ ਅਧਾਰ ‘ਤੇ ਹੋਣੀ ਚਾਹੀਦੀ ਹੈ ,ਨਾ ਕਿ ਕਿਸੇ ਪਰਿਵਾਰ ਦੀ ਇੱਛਾ ਮੁਤਾਬਿਕ ।

ਬੀਬੀ ਜਗੀਰ ਕੌਰ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਚ ਹਲਚਲ ਪੈਦਾ ਕਰ ਦਿੱਤੀ ਹੈ ।ਅਕਾਲੀ ਦਲ ਵਲੋਂ ਬੀਬੀ ਦੇ ਬਿਆਨ ਤੋ ਬਾਅਦ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ । ਇਸਤੋਂ ਪਹਿਲਾਂ ਜਗਮੀਤ ਬਰਾੜ ਨੂੰ ਪਾਰਟੀ ਵਲੋਂ ਬਾਗੀ ਗਤੀਵਿਧੀਆਂ ਦੇ ਚਲਦਿਆਂ ਕਾਰਚ ਦੱਸੋ ਨੋਟਿਸ ਭੇਜਿਆ ਜਾ ਚੁੱਕਿਆ ਹੈ ।ਲਿਸਟ ਸਮੇਂ ਨਾਲ ਵੱਧਦੀ ਜਾ ਰਹੀ ਹੈ ਪਰ ਸੁਖਬੀਰ ਬਾਦਲ ਆਪਣੀ ਕੂਰਸੀ ‘ਤੇ ਡਟੇ ਹੋਏ ਹਨ ।

ਜਗੀਰ ਕੌਰ ਮੁਤਾਬਿਕ ਫਿਲਹਾਲ ਪੰਜਾਬ ਦੇ ਵਿੱਚ ਪਾਰਟੀ ਦੀ ਛਵੀ ਖਰਾਬ ਹੋ ਚੁੱਕੀ ਹੈ । ਆਉਣ ਵਾਲੀ ਕਮੇਟੀ ਚੋਣਾਂ ਦੌਰਾਨ ਪਾਰਟੀ ਨੂੰ ਆਪਣੇ ਉੱਪਰ ਲੱਗੇ ਲਿਫਾਫਾ ਕਲਚਰ ਦੇ ਦਾਗ ਨੂੰ ਧੋ ਦੇਣਾ ਚਾਹੀਦਾ ਹੈ ।ਜਗੀਰ ਕੌਰ ਮੁਤਾਬਿਕ ਪਾਰਟੀ ਚ ਰਾਇ ਤਾਂ ਹਰੇਕ ਦੀ ਲਈ ਜਾਂਦੀ ਪਰ ਪ੍ਰਧਾਨ ਦਾ ਨਾਂ ਹਮੇਸ਼ਾਂ ਅੰਤਿਮ ਸਮੇਂ ਚ ਹੀ ਪਤਾ ਲਗਦਾ ਹੈ ।ਸਾਬਕਾ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਭਰ ਚ ਅਕਾਲੀ ਦਲ ਦਾ ਵਰਕਰ ਅਤੇ ਨੇਤਾ ਨਿਰਾਸ਼ ਹੋ ਕੇ ਘਰ ਬੈਠ ਗਿਆ ਹੈ । ਹੁਣ ਲੋੜ ਹੈ ਵੱਡੇ ਫੈਸਲੇ ਲੈ ਕੇ ਪਾਰਟੀ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ ।