ਅਗਲੇ ਮਹੀਨੇ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ

Washington- ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਗਲੇ ਮਹੀਨੇ G20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਭਾਰਤ ਦੀ ਯਾਤਰਾ ’ਤੇ ਆਉਣਗੇ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲਵਿਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੁਲਵਿਨ ਨੇ ਕਿਹਾ ਕਿ ਬਾਈਡਨ G20 ਬੈਠਕ ’ਚ ਹਿੱਸਾ ਲੈਣ ਦੌਰਾਨ ਕਈ ਦੁਵੱਲੀਆਂ ਬੈਠਕਾਂ ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਬੈਠਕਾਂ ਨਾਲ ਜੁੜੀ ਜਾਣਕਾਰੀ ਨਹੀਂ ਦਿੱਤੀ ਹੈ। ਅਮਰੀਕਾ ਵਲੋਂ ਸਾਲ 2026 ’ਚ G20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾਵੇਗੀ।
ਸੁਲਵਿਨ ਨੇ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਤੰਬਰ ’ਚ ਇੰਡੋਨੇਸ਼ੀਆ ’ਚ ਆਸੀਆਨ ਸਿਖਰ ਸੰਮੇਲਨ ’ਚ ਵੱਖਰੇ ਤੌਰ ’ਤੇ ਹਿੱਸਾ ਲੈਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਾਈਡਨ ਜੀ-20 ਸਿਖਰ ਸੰਮੇਲਨ ’ਚ ਵਿਕਾਸ ਬੈਂਕ ਦੇ ਆਧੁਨਿਕੀਕਰਨ ’ਤੇ ਧਿਆਨ ਕੇਂਦਰਿਤ ਕਰਨਗੇ। ਇੱਕ ਹੋਰ ਰਿਪੋਰਟ ਮੁਤਾਬਕ ਅਮਰੀਕਾ ਦੇ ਚੋਟੀ ਦੇ ਵਿੱਦਿਅਕ ਅਤੇ ਸੱਭਿਆਚਾਰਕ ਰਾਜਦੂਤ ਲੀ ਸੈਟਰਫੀਲਡ ਜੀ-20 ਸੱਭਿਆਚਾਰਕ ਮੰਤਰੀ ਪੱਧਰ ਦੀ ਬੈਠਕ ’ਚ ਸ਼ਾਮਿਲ ਹੋਣ ਅਤੇ ਦੁਵੱਲੇ ਮੁੱਦਿਆਂ ’ਤੇ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰਨ ਲਈ ਇਸ ਹਫ਼ਤੇ ਭਾਰਤ ਦੀ ਯਾਤਰਾ ਕਰਨਗੇ। ਦੱਸ ਦਈਏ ਕਿ G20 ਸੰਮੇਲਨ ਅਗਲੇ ਮਹੀਨੇ ਸਤੰਬਰ ’ਚ ਭਾਰਤ ’ਚ ਹੋਣ ਵਾਲਾ ਹੈ। ਜੀ-20 ਵਿਸ਼ਵ ਦੀਆਂ 20 ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇੱਕ ਅੰਤਰ ਸਰਕਾਰੀ ਫੋਰਮ ਹੈ, ਜਿਹੜਾ ਕਿ ਇਸ ਨੂੰ ਕੌਮਾਂਤਰੀ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਬਣਾਉਂਦਾ ਹੈ।