ਘਰ ’ਚ ਖੇਡ ਰਹੇ ਬੱਚੇ ’ਤੇ ਭਾਲੂ ਨੇ ਕੀਤਾ ਹਮਲਾ

New York- ਨਿਊਯਾਰਕ ਦੇ ਨਾਰਥ ਕਾਸਲ ਵਿਖੇ ਇੱਕ ਘਰ ’ਚ ਖੇਡ ਰਹੇ ਇੱਕ ਸੱਤ ਸਾਲਾ ਬੱਚੇ ’ਤੇ ਭਾਲੂ ਨੇ ਹਮਲਾ ਕਰ ਦਿੱਤਾ। ਨਾਰਥ ਕਾਸਲ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਭਾਲੂ ਨੂੰ ਮਾਰ ਦਿੱਤਾ ਗਿਆ।
ਨਾਰਥ ਕਾਸਲ ਪੁਲਿਸ ਵਿਭਾਗ ਨੇ ਦੱਸਿਆ ਕਿ ਵੈਸਟਚੈਸਟਰ ਕਾਊਂਟੀ ਦੇ ਐਮਰਜੈਂਸੀ ਕਰਮਚਾਰੀਆਂ ਨੂੰ ਮੰਗਲਵਾਰ ਨੂੰ ਇੱਕ ਘਰ ’ਚ ਇੱਕ ਭਾਲੂ ਵਲੋਂ ਬੱਚੇ ’ਤੇ ਹਮਲਾ ਕਰਨ ਦੀ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚੇ ਬੈਂਕਸਵਿਲੇ ਫਾਇਰ ਵਿਭਾਗ ਅਤੇ ਅਰਮੋਨਕ ਫਾਇਰ ਵਿਭਾਗ ਦੇ ਈ. ਐਮ. ਐਮ. ਵਰਕਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਬੱਚੇ ਨੂੰ ਹਸਪਤਾਲ ਪਹੁੰਚਾਇਆ।
ਜਾਣਕਾਰੀ ਮੁਤਾਬਕ ਉਕਤ 7 ਸਾਲਾ ਲੜਕਾ ਆਪਣੇ ਘਰ ਦੇ ਪਿਛਵਾੜੇ ’ਚ ਆਪਣੇ ਭਰਾ-ਭੈਣ ਨਾਲ ਖੇਡ ਰਿਹਾ ਸੀ। ਇਸੇ ਦੌਰਾਨ ਇੱਕ ਭਾਲੂ ਦੇ ਬੱਚੇ ਨੇ ਉਸ ’ਤੇ ਹਮਲਾ ਕਰ ਦਿੱਤਾ। ਨਾਰਥ ਕੈਸਲ ਪੁਲਿਸ ਵਿਭਾਗ ਮੁਤਾਬਕ ਹਾਦਸੇ ਵੇਲੇ ਬੱਚੇ ਦੇ ਮਾਤਾ-ਪਿਤਾ ਘਰ ’ਚ ਮੌਜੂਦ ਸਨ ਅਤੇ ਉਨ੍ਹਾਂ ਨੇ ਪੂਰੀ ਨਿਡਰਤਾ ਨਾਲ ਡੱਟ ਕੇ ਭਾਲੂ ਦਾ ਮੁਕਾਬਲਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਬੱਚੇ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।
ਪੁਲਿਸ ਵਿਭਾਗ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਉਸ ਸਮੇਂ ਵੀ ਭਾਲੂ ਆਮ ਲੋਕਾਂ ਅਤੇ ਮੌਕੇ ’ਤੇ ਮੌਜੂਦ ਕਰਮਚਾਰੀਆਂ ਲਈ ਖ਼ਤਰਾ ਪੈਦਾ ਕਰ ਰਿਹਾ ਸੀ ਇਸੇ ਦੇ ਚੱਲਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪੁਲਿਸ ਚੀਫ਼ ਪੀਟਰ ਸਿਮੋਨਸੇਨ ਨੇ ਦੱਸਿਆ ਕਿ ਭਾਲੂ ਨੂੰ ਮੌਕੇ ਤੋਂ ਭਜਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਆਮ ਤੌਰ ’ਤੇ ਬਹੁਤ ਸਾਰੇ ਇਨਸਾਨਾਂ ਨੂੰ ਕੋਲ ਦੇਖ ਕੇ ਜਾਨਵਰ ਭੱਜ ਜਾਂਦੇ ਹਨ ਪਰ ਅਜਿਹਾ ਨਹੀਂ ਹੋਇਆ। ਇਸੇ ਦੇ ਚੱਲਦਿਆਂ ਉਨ੍ਹਾਂ ਨੂੰ ਮਜ਼ਬੂਰੀ ਵੱਸ ਉਸ ਨੂੰ ਮਾਰਨਾ ਪਿਆ।
ਸਿਹਤ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰੇਬੀਜ਼ ਦੀ ਜਾਂਚ ਲਈ ਭਾਲੂ ਨੂੰ ਵੈਸਟਚੈਸਟਰ ਕਾਊਂਟੀ ਸਿਹਤ ਵਿਭਾਗ ’ਚ ਲਿਜਾਇਆ ਗਿਆ ਹੈ।