ਏਅਰਪੋਰਟ ‘ਤੇ ਰੋਕੇ ਗਏ ਬ੍ਰਿਟਿਸ਼ ਐੱਮ.ਪੀ ਢੇਸੀ ਨੇ ਸੋਸ਼ਲ ਮੀਡੀਆ ‘ਤੇ ਦੱਸੀ ਅਸਲ ਕਹਾਣੀ

ਡੈਸਕ- ਬ੍ਰਿਟਿਸ਼ ‘ਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੀਰਵਾਰ ਸਵੇਰੇ ਕਰੀਬ 9 ਵਜੇ ਅੰਮ੍ਰਿਤਸਰ ਪੁੱਜੇ। ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਨ੍ਹਾਂ ਨੂੰ ਰੋਕ ਲਿਆ ਗਿਆ। MP ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਯੂਕੇ ਐੱਮਪੀ ਤਨਮਨਜੀਤ ਸਿੰਘ ਢੇਸੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਤੇ ਸਿੱਖਾਂ ਨਾਲ ਖੜਣ ਦੀ ਇਹ ਕੀਮਤ ਅਦਾ ਕਰਨੀ ਪਈ ਹੈ। ਢੇਸੀ ਨੇ ਦੱਸਿਆ ਕਿ ਪਿਛਲੇ ਸਾਲ ਮੈਂ ਕਿਸਾਨ ਅੰਦੋਲਨ ਲਈ ਆਵਾਜ਼ ਚੁੱਕੀ ਸੀ ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਪਰ ਅੱਜ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕ ਕੇ ਮੈਨੂੰ ਅਪਮਾਨਿਤ ਕੀਤਾ ਗਿਆ ਕਿਉਂਕਿ ਕੁਝ ਨਫ਼ਰਤ ਕਰਨ ਵਾਲਿਆਂ ਨੇ ਮੇਰਾ ਵੈਧ OCI ਵੀਜ਼ਾ ਮੁਅੱਤਲ ਕਰਨ ਦੀ ਸ਼ਿਕਾਇਤ ਕੀਤੀ ਸੀ, ਜਿਸ ਨੂੰ ਬਾਅਦ ਵਿਚ ਏਅਰਪੋਰਟ ‘ਤੇ ਮੌਜੂਦ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੁਲਝਾ ਲਿਆ ਗਿਆ ਤੇ ਮੈਨੂੰ ਏਅਰਪੋਰਟ ਤੋਂ ਜਾਣ ਦਿੱਤਾ ਗਿਆ।

ਦੱਸ ਦੇਈਏ ਕਿ ਯੂਨਾਈਟਿਡ ਕਿੰਗਡਮ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਪਾਰਲੀਮੈਂਟ ਅਤੇ ਹੋਰ ਮੰਚਾਂ ‘ਤੇ ਸਿੱਖ ਮੁੱਦਿਆਂ ‘ਤੇ ਬੋਲਣ ਲਈ ਜਾਣੇ ਜਾਂਦੇ ਹਨ। ਉਹ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਵੀ ਉਠਾਉਂਦਾ ਹੈ। ਉਹ ਵਰਤਮਾਨ ਵਿੱਚ ਇਸ ਦੇਸ਼ ਵਿੱਚ ਸ਼ੈਡੋ ਮੰਤਰੀ (ਰੇਲਵੇ) ਦੀ ਭੂਮਿਕਾ ਨਿਭਾ ਰਹੇ ਹਨ।