ਕੈਲਗਰੀ ’ਚ ਮੁੜ ਖੁੱਲ੍ਹੇ ਡੇ-ਕੇਅਰ ਸੈਂਟਰ, ਈ.-ਕੋਲਾਈ ਦੇ ਪ੍ਰਕੋਪ ਦੇ ਚੱਲਦਿਆਂ ਕੀਤੇ ਗਏ ਸਨ ਬੰਦ

Calgary- ਈ-ਕੋਲਾਈ ਦੇ ਪ੍ਰਕੋਪ ਦੇ ਚੱਲਦਿਆਂ ਕੈਲਗਰੀ ’ਚ ਬੰਦ ਕੀਤੇ ਗਏ ਚਾਰ ਡੇ-ਕੇਅਰ ਸੈਂਟਰਾਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਇਨ੍ਹਾਂ ’ਚ ਈ.-ਕੋਲਾਈ ਦੇ 231 ਲੈਬ-ਪੁਸ਼ਟੀ ਕੇਸ ਸ਼ਾਮਲ ਹਨ। ਅਲਬਰਟਾ ਹੈਲਥ ਸਰਵਿਸਿਜ਼ (ਏਐਚਐਸ) ਈ.-ਕੋਲਾਈ ਦੇ ਪ੍ਰਕੋਪ ਦੀ ਪੁਸ਼ਟੀ ਕੀਤੇ ਜਾਣ ਦੇ ਕਰੀਬ ਇੱਕ ਹਫ਼ਤੇ ਬਾਅਦ ਇਹ ਸੈਂਟਰ ਮੁੜ ਖੁੱਲ੍ਹੇ ਹਨ।
ਸੋਮਵਾਰ ਨੂੰ, ਏਐਚਐਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਬੀਤੇ ਦਿਨ ਇਸ ਪ੍ਰਕੋਪ ਨਾਲ ਜੁੜੇ 41 ਹੋਰ ਮਾਮਲੇ ਸਾਹਮਣੇ ਆਏ। ਸੂਬਾਈ ਸਿਹਤ ਅਥਾਰਟੀ ਨੇ ਕਿਹਾ ਕਿ ਹਸਪਤਾਲ ਵਿੱਚ ਹੁਣ 26 ਮਰੀਜ਼ ਦਾਖ਼ਲ ਹਨ, ਜਿਨ੍ਹਾਂ ’ਚ 25 ਬੱਚੇ ਸ਼ਾਮਿਲ ਹਨ। ਇਨ੍ਹਾਂ ’ਚੋਂ ਕੁਝ ਦਾ ਡਾਇਲਸਿਸ ਵੀ ਕੀਤਾ ਜਾ ਰਿਹਾ ਹੈ।
ਪਿਛਲੇ ਹਫ਼ਤੇ ਦੇ ਸ਼ੁਰੂ ’ਚ ਪ੍ਰਕੋਪ ਦਾ ਐਲਾਨ ਕੀਤੇ ਜਾਣ ਮਗਰੋਂ 11 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਨਾਲ ਹੀ, 21 ਬੱਚਿਆਂ ਨੂੰ ਹੈਮੋਲਾਈਟਿਕ ਯੂਰੇਮਿਕ ਸਿੰਡਰੋਮ (ਐਚਯੂਐਸ) ਦਾ ਪਤਾ ਲੱਗਾ ਹੈ, ਜਿਹੜੀ ਕਿ ਗੁਰਦਿਆਂ ਅਤੇ ਹੋਰ ਅੰਗਾਂ ਨਾਲ ਸੰਬੰਧਿਤ ਇੱਕ ਗੰਭੀਰ ਬਿਮਾਰੀ ਹੈ। ਏਐਚਐਸ ਦਾ ਕਹਿਣਾ ਹੈ ਕਿ ਬੱਚੇ ਸਥਿਰ ਹੈ ਅਤੇ ਉਨ੍ਹਾਂ ਦੀ ਢੁੱਕਵੀਂ ਦੇਖਭਾਲ ਕੀਤੀ ਜਾ ਰਹੀ ਹੈ।