ਕੈਨੇਡਾ ਦੇ ਪਹਿਲੇ ਭਾਰਤੀ ਮੂਲ ਦੇ ਡਾਕਟਰ ਗੁਰਦੇਵ ਸਿੰਘ ਦਾ ਦਿਹਾਂਤ

ਡੈਸਕ- ਕੈਨੇਡਾ ਵਿਖੇ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਖਾਸ ਕਰ ਕੇ ਪੰਜਾਬੀ ਮੂਲ ਦੇ ਲੋਕ ਵਸੇ ਹੋਏ ਹਨ। ਜਾਣਕਾਰੀ ਮੁਤਾਬਕ 1958 ਵਿਚ ਕੈਨੇਡਾ ਦੇ ਭਾਰਤੀ ਮੂਲ ਦੇ ਪਹਿਲੇ ਡਾਕਟਰ ਬਣ ਕੇ ਇਤਿਹਾਸ ਰਚਣ ਵਾਲੇ ਡਾਕਟਰ ਗੁਰਦੇਵ ਸਿੰਘ ਗਿੱਲ ਦਾ 17 ਦਸੰਬਰ ਨੂੰ ਵੈਸਟਮਿਨਸਟਰ ਸ਼ਹਿਰ ਵਿਚ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ।

ਮੰਨਿਆ ਜਾਂਦਾ ਹੈ ਕਿ ਗਿੱਲ 1949 ਵਿਚ ਕੈਨੇਡਾ ਆਏ ਸਨ ਅਤੇ ਉਸ ਸਮੇਂ ਇਥੇ ਸਿਰਫ਼ ਦੋ ਹਜ਼ਾਰ ਦਖਣੀ ਏਸ਼ੀਆਈ ਲੋਕ ਰਹਿੰਦੇ ਸਨ। ਸੇਵਾਮੁਕਤੀ ਤੋਂ ਬਾਅਦ ਉਹ ਪੰਜਾਬ ਦੇ ਪਿੰਡਾਂ ਵਿਚ ਕਈ ਸੁਧਾਰਕ ਕਾਰਜ ਕਰਨ ਵਿਚ ਲੱਗੇ ਹੋਏ ਸਨ। ਬਿ੍ਰਟਿਸ਼ ਕੋਲੰਬੀਆ ਦੀ ਸਰਕਾਰ ਅਨੁਸਾਰ ਉਹ ਬਿ੍ਰਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਮੈਡੀਕਲ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਅਤੇ ਕੈਨੇਡਾ ਵਿਚ ਮੈਡੀਕਲ ਦਾ ਅਭਿਆਸ ਕਰਨ ਵਾਲਾ ਪਹਿਲਾ ਭਾਰਤੀ ਮੂਲ ਦਾ ਵਿਅਕਤੀ ਸੀ।

ਉਨ੍ਹਾਂ ਨੂੰ 1990 ਵਿਚ ਸੰਗੀਤਕਾਰ ਬ੍ਰਾਇਨ ਐਡਮਜ, ਉਲੰਪਿਕ ਤਮਗਾ ਜੇਤੂ ਲੋਰੀ ਫੰਗ ਅਤੇ ਕਾਰੋਬਾਰੀ ਜਿਮ ਪੈਟੀਸਨ ਵਰਗੇ ਪ੍ਰਕਾਸ਼ਕਾਂ ਨਾਲ ਆਰਡਰ ਆਫ਼ ਬਿ੍ਰਟਿਸ਼ ਕੋਲੰਬੀਆ ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਨੂੰ ਮਹਾਰਾਣੀ ਐਲਿਜਾਬੈਥ ਡਾਇਮੰਡ ਜੁਬਲੀ ਮੈਡਲ ਵੀ ਮਿਲਿਆ। ਉਨ੍ਹਾਂ ਦੇ ਪੋਤਰੇ ਇਮਰਾਨ ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਨਾ ਸਿਰਫ ਕੈਨੇਡਾ ਵਿਚ ਸਗੋਂ ਪੰਜਾਬ ਦੇ ਪਿੰਡਾਂ ਵਿਚ ਵੀ ਸਵੱਛਤਾ ਦਾ ਬੁਨਿਆਦੀ ਢਾਂਚਾ ਬਣਾਉਣ ਲਈ ਸਮਰਪਤ ਸੀ।