ਕੈਨੇਡਾ ‘ਚ ਹਿੰਦੂ ਲੀਡਰ ਦੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ

ਡੈਸਕ- ਕੈਨੇਡਾ ਦੇ ਸਰੀ ‘ਚ ਹਿੰਦੂ ਮੰਦਰ ਦੇ ਪ੍ਰਧਾਨ ਦੇ ਘਰ ‘ਤੇ ਦਰਜਨਾਂ ਰਾਉਂਡ ਫਾਇਰ ਕੀਤੇ ਗਏ ਹਨ। ਇਸ ਫਾਇਰਿੰਗ ਤੋਂ ਬਾਅਦ ਇਲਾਕੇ ‘ਚ ਹੜਕੰਪ ਮਚ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅਣਪਛਾਤੇ ਹਮਲਾਵਰਾਂ ਵੱਲੋਂ ਹਿੰਦੀ ਲੀਡਰ ਦੇ ਘਰ ‘ਤੇ 14 ਰਾਉਂਡ ਫਾਇਰ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਹੋ ਸਕਦਾ ਹੈ।

ਦੱਸ ਦੇਈਏ ਕਿ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦਾ ਸਰੀ ਦੇ ਹੀ ਇੱਕ ਗੁਰਦੁਆਰੇ ਨੇੜੇ ਕਤਲ ਕਰ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ‘ਤੇ ਗੰਭੀਰ ਦੋਸ਼ ਲਗਾਏ ਸਨ। ਇਸ ਘਟਨਾ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਵੀਰਵਾਰ (27 ਦਸੰਬਰ) ਨੂੰ ਸ਼ੱਕੀ ਖਾਲਿਸਤਾਨੀਆਂ ਨੇ ਕੈਨੇਡਾ ਦੇ ਸਰੀ ਵਿੱਚ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਘਰ ‘ਤੇ ਗੋਲੀਬਾਰੀ ਕੀਤੀ। ਇਹ ਘਟਨਾ ਸਵੇਰੇ 8:03 ਵਜੇ ਦੇ ਕਰੀਬ 80 ਐਵੇਨਿਊ ਦੇ 14900 ਬਲਾਕ ‘ਚ ਵਾਪਰੀ। ਸਰੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਦੇ ਇੱਕ ਬਿਆਨ ਅਨੁਸਾਰ, ਜਿਸ ਨਿਵਾਸ ‘ਤੇ ਫਾਇਰਿੰਗ ਹੋਈ, ਉੱਥੇ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦਾ ਵੱਡਾ ਪੁੱਤਰ ਰਹਿੰਦਾ ਹੈ। ਪੁਲਿਸ ਮੁਤਾਬਕ ਹਮਲਾ ਬਹੁਤ ਗੰਭੀਰ ਸੀ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਹਮਲੇ ਤੋਂ ਬਾਅਦ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਨੇ ਘਟਨਾ ਵਾਲੀ ਥਾਂ ‘ਤੇ ਜਾਂਚ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਸਬੂਤਾਂ ਦੀ ਜਾਂਚ ਕੀਤੀ ਤੇ ਗਵਾਹਾਂ ਨਾਲ ਗੱਲਬਾਤ ਕੀਤੀ। ਫਿਲਹਾਲ ਪੁਲਿਸ ਹਮਲਾਵਰਾਂ ਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਾਉਣ ‘ਚ ਜੁਟੀ ਹੈ। ਯਾਦ ਰਹੇ ਸਰੀ ਸਥਿਤ ਲਕਸ਼ਮੀ ਨਰਾਇਣ ਮੰਦਰ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ। ਇੱਕ ਰਿਪੋਰਟ ਮੁਤਾਬਕ ਖਾਲਿਸਤਾਨੀਆਂ ਵੱਲੋਂ ਮੰਦਰ ਨੂੰ ਤਿੰਨ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।