ਕੈਨੇਡਾ ਨੇ ਘਟਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ; 5 ਲੱਖ ਦੀ ਕੀਤੀ ਕਟੌਤੀ

ਡੈਸਕ- ਕੈਨੇਡਾ ਵਿਚ ਰਹਿਣ ਜਾਂ ਕੰਮ ਕਰਨ ਦੇ ਚਾਹਵਾਨ ਲੋਕਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਉਥੋਂ ਦੀ ਮੌਜੂਦਾ ਸਰਕਾਰ ਨੇ ਕੈਨੇਡਾ ਆਉਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਉਹ ਅਸਥਾਈ ਨਿਵਾਸੀਆਂ ਦੀ ਗਿਣਤੀ 6.2 ਫ਼ੀ ਸਦੀ ਤੋਂ ਘਟਾ ਕੇ 5 ਫ਼ੀ ਸਦੀ ਕਰਨ ਜਾ ਰਹੇ ਹਨ।

ਦਸਿਆ ਜਾ ਰਿਹਾ ਹੈ ਕਿ ਇਸ ਮੌਕੇ ਇਥੇ ਅਸਥਾਈ ਤੌਰ ’ਤੇ ਰਹਿੰਦੇ 25 ਲੱਖ ਵਿਦੇਸ਼ੀਆਂ ਦੀ ਗਿਣਤੀ ਨੂੰ ਆਉਂਦੇ ਸਤੰਬਰ ਤਕ ਘਟਾ ਕੇ 20 ਲੱਖ ਕੀਤਾ ਜਾਵੇਗਾ। ਅਵਾਸ ਮੰਤਰੀ ਮਾਈਕ ਮਿਲਰ ਨੇ ਵਿਭਾਗ ਵਲੋਂ ਲਏ ਫੈਸਲੇ ਬਾਰੇ ਬੀਤੇ ਦਿਨੀਂ ਦਸਿਆ ਕਿ ਸਰਕਾਰ ਅਵਾਸ ਨਿਯਮਾਂ ਵਿਚਲੀਆਂ ਚੋਰ ਮੋਰੀਆਂ ਰਾਹੀਂ ਬੇਈਮਾਨ ਲੋਕਾਂ ਵਲੋਂ ਕੀਤੇ ਜਾਂਦੇ ਕਾਲੇ ਧੰਦੇ ਬੰਦ ਕਰਨਾ ਚਾਹੁੰਦੀ ਹੈ, ਜਿਸ ਲਈ ਸਖ਼ਤ ਫੈਸਲੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਮੰਤਰੀ ਅਨੁਸਾਰ ਮੰਤਰੀ ਮੌਜੂਦਾ ਸਮੇਂ ਦੇਸ਼ ’ਚ ਕੁੱਲ ਅਬਾਦੀ ਦਾ 6.2 ਫ਼ੀ ਸਦੀ ਕੱਚੇ ਕਾਮੇ ਹਨ, ਜਿਸ ਨੂੰ ਘਟਾ ਕੇ ਸਤੰਬਰ ਤਕ 5 ਫ਼ੀ ਸਦੀ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਵਪਾਰਕ ਅਦਾਰਿਆਂ ਨੂੰ 30 ਫ਼ੀ ਸਦੀ ਕੱਚੇ ਵਿਦੇਸ਼ੀ ਕਾਮੇ ਸੱਦਣ ਦੀ ਛੋਟ ਹੁਣ 20 ਫ਼ੀ ਸਦੀ ਹੋਵੇਗੀ। ਇਸ ਮੌਕੇ ਰੁਜ਼ਗਾਰ ਮੰਤਰੀ ਰੈਂਡੀ ਬੋਇਸਨੌਲਟ ਨੇ ਦਸਿਆ ਕਿ ਵਪਾਰਕ ਅਦਾਰੇ ਹੁਣ ਦੇਸ਼ ’ਚ ਪਨਾਹ ਮੰਗਣ ਵਾਲਿਆਂ ਨੂੰ ਕੰਮ ’ਤੇ ਰੱਖ ਸਕਣਗੇ ਤੇ ਉਨ੍ਹਾਂ ਪਨਾਹੀਆਂ ਲਈ ਕੰਮ ਦਾ ਉਹ ਤਜ਼ਰਬਾ ਉਨ੍ਹਾਂ ਦੇ ਪੱਕੇ ਹੋਣ ਵਿਚ ਸਹਾਈ ਹੋਵੇਗਾ।

ਦੱਸ ਦੇਈਏ ਕਿ ਅਜੋਕੇ ਸਮੇਂ ਵਿਚ ਕੈਨੇਡਾ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਪਿੱਛੇ ਮੁੱਖ ਕਾਰਨ ਆਰਜ਼ੀ ਵਸਨੀਕਾਂ ਦੀ ਆਬਾਦੀ ਦੱਸੀ ਜਾਂਦੀ ਹੈ। ਅਸਥਾਈ ਨਿਵਾਸੀਆਂ ਵਿਚ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਪੜ੍ਹਾਈ ਲਈ ਜਾਂ ਰੁਜ਼ਗਾਰ ਦੀ ਭਾਲ ਵਿਚ ਕਾਮਿਆਂ ਵਜੋਂ ਕੈਨੇਡਾ ਜਾਂਦੇ ਹਨ।