VANCOUVER: ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਗਏ “2026-2028 ਦੇ ਇਮੀਗ੍ਰੇਸ਼ਨ ਲੇਵਲਜ਼ ਪਲਾਨ ਦੀ ਜਾਣਕਾਰੀ” ਨੇ ਸਪਸ਼ਟ ਕਰ ਦਿੱਤਾ ਹੈ ਕਿ ਕੈਨੇਡਾ ਹੁਣ ਖੁੱਲ੍ਹੇ ਦਰਵਾਜ਼ਿਆਂ ਦੀ ਨੀਤੀ ਤੋਂ ਹਟ ਕੇ ਇੱਕ ਸੰਤੁਲਿਤ ਅਤੇ ਕਾਬੂ ਹੇਠਲੇ ਸਿਸਟਮ ਵੱਲ ਵਧ ਰਿਹਾ ਹੈ। ਸਰਕਾਰ ਦਾ ਉਦੇਸ਼ ਪੱਕੀ ਰਿਹਾਇਸ਼ ਦੇ ਦਾਖ਼ਲਿਆਂ ਨੂੰ ਸਥਿਰ ਰੱਖਣਾ, ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣਾ ਅਤੇ ਦੇਸ਼ ਦੀਆਂ ਆਰਥਿਕ ਲੋੜਾਂ ਅਨੁਸਾਰ ਹੁਨਰਮੰਦ ਕਾਮਿਆਂ ਨੂੰ ਤਰਜੀਹ ਦੇਣਾ ਹੈ। ਇਸ ਨੀਤੀਗਤ ਤਬਦੀਲੀ ਪਿੱਛੇ ਕਈ ਆਰਥਿਕ ਅਤੇ ਸਮਾਜਿਕ ਕਾਰਕ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਮਕਾਨਾਂ ਦੀ ਘਾਟ, ਕਿਰਾਏ ਵਿੱਚ ਵਾਧਾ, ਸਿਹਤ ਸੇਵਾਵਾਂ ਤੱਕ ਪਹੁੰਚ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਬਾਰੇ ਚਿੰਤਾਵਾਂ ਵਧੀਆਂ ਹਨ। ਇਸ ਪਿਛੋਕੜ ਵਿੱਚ ਸਰਕਾਰ ਲਈ ਇੱਕ ਵੱਡੀ ਚੁਣੌਤੀ ਇਹ ਹੈ ਕਿ ਉਹ ਇਮੀਗ੍ਰੇਸ਼ਨ ਰਾਹੀਂ ਅਰਥਚਾਰੇ ਦੀਆਂ ਲੋੜਾਂ ਪੂਰੀਆਂ ਕਰੇ, ਪਰ ਨਾਲ ਹੀ ਰਿਹਾਇਸ਼, ਜਨਤਕ ਸੇਵਾਵਾਂ ਅਤੇ ਰੁਜ਼ਗਾਰ ਬਾਜ਼ਾਰ ’ਤੇ ਪੈ ਰਹੇ ਦਬਾਅ ਨੂੰ ਵੀ ਸੰਭਾਲੇ। ਹਾਲਾਂਕਿ ਮਕਾਨਾਂ ਦੀ ਘਾਟ ਜਾਂ ਸਿਹਤ ਸੇਵਾਵਾਂ ’ਤੇ ਦਬਾਅ ਨੂੰ ਸਿਰਫ਼ ਇਮੀਗ੍ਰੇਸ਼ਨ ਨਾਲ ਜੋੜਨਾ ਸਹੀ ਨਹੀਂ ਹੋਵੇਗਾ। ਯੋਜਨਾ ਮੁਤਾਬਕ 2026, 2027 ਅਤੇ 2028 ਵਿੱਚ ਹਰ ਸਾਲ 3,80,000 ਨਵੇਂ ਸਥਾਈ ਨਿਵਾਸੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਹੈ। ਇਸ ਦੀ ਨਿਰਧਾਰਿਤ ਹੱਦ 3,50,000 ਤੋਂ 4,20,000 ਤੱਕ ਹੈ। ਦੂਜੇ ਪਾਸੇ, ਅਸਥਾਈ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਨਵੀਂ ਆਮਦ ਦਾ ਟੀਚਾ 2026 ਵਿੱਚ 3,85,000 ਤੋਂ ਘਟਾ ਕੇ 2027 ਅਤੇ 2028 ਵਿੱਚ 3,70,000 ਸਾਲਾਨਾ ਕਰਨ ਦੀ ਯੋਜਨਾ ਹੈ। ਸਰਕਾਰ 2027 ਦੇ ਅੰਤ ਤੱਕ ਅਸਥਾਈ ਵਸਨੀਕਾਂ ਦੀ ਗਿਣਤੀ ਕੁੱਲ ਆਬਾਦੀ ਦੇ ਪੰਜ ਫ਼ੀਸਦੀ ਤੋਂ ਹੇਠਾਂ ਲਿਆਉਣਾ ਚਾਹੁੰਦੀ ਹੈ। ਆਰਥਿਕ ਸ਼੍ਰੇਣੀ ਤਹਿਤ 2026 ਵਿੱਚ 2,39,800 ਦਾਖ਼ਲਿਆਂ ਦਾ ਟੀਚਾ ਰੱਖਿਆ ਗਿਆ ਹੈ, ਜਦਕਿ 2027 ਅਤੇ 2028 ਲਈ ਇਹ ਗਿਣਤੀ 2,44,700 ਸਾਲਾਨਾ ਹੈ। ਫੈਡਰਲ ਹਾਈ-ਸਕਿਲਡ ਸ਼੍ਰੇਣੀ ਲਈ 1,09,000 ਅਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਲਈ 91,500 ਦਾਖ਼ਲਿਆਂ ਦਾ ਟੀਚਾ ਦਿੱਤਾ ਗਿਆ ਹੈ। 2027 ਅਤੇ 2028 ਵਿੱਚ ਪੀ.ਆਰ. ਦਾਖ਼ਲਿਆਂ ਦਾ 64 ਫ਼ੀਸਦੀ ਆਰਥਿਕ ਸ਼੍ਰੇਣੀ ਰਾਹੀਂ ਕਰਨ ਦਾ ਟੀਚਾ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਸਰਕਾਰ 2026 ਅਤੇ 2027 ਦੌਰਾਨ 33,000 ਤੱਕ ਅਸਥਾਈ ਕਾਮਿਆਂ ਨੂੰ ਪੀ.ਆਰ. ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਲਗਪਗ 1,15,000 ਸੁਰੱਖਿਅਤ ਦਰਜੇ ਵਾਲੇ ਵਿਅਕਤੀਆਂ ਨੂੰ ਪੱਕੀ ਰਿਹਾਇਸ਼ ਦੇਣ ਦੀ ਪ੍ਰਕਿਰਿਆ ਅੱਗੇ ਵਧਾਉਣ ਦਾ ਟੀਚਾ ਹੈ। ਹਾਲਾਂਕਿ, ਇਹ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਹਰ ਕਾਮੇ ਲਈ ਖੁੱਲ੍ਹੀ ਯੋਜਨਾ ਨਹੀਂ ਹੈ। ਇਸਦੇ ਲਈ ਯੋਗਤਾ ਦੇ ਮਾਪਦੰਡ ਲਾਗੂ ਹੋਣਗੇ। ਸ਼ਰਨਾਰਥੀਆਂ ਲਈ ਸਾਲਾਨਾ 49,300 ਦਾਖ਼ਲਿਆਂ ਦੀ ਯੋਜਨਾ ਹੈ। ਨਵੀਂ ਨੀਤੀ ਦਾ ਇੱਕ ਮਹੱਤਵਪੂਰਨ ਪੱਖ ਉਨ੍ਹਾਂ ਅਸਥਾਈ ਕਾਮਿਆਂ ਨੂੰ ਪੱਕੀ ਰਿਹਾਇਸ਼ ਦੇਣ ’ਤੇ ਧਿਆਨ ਕੇਂਦਰਿਤ ਕਰਨਾ ਹੈ, ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਇੱਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ। ਕਿਉਬਿਕ ਤੋਂ ਬਾਹਰ ਫਰੈਂਚ ਬੋਲਣ ਵਾਲੇ ਸਥਾਈ ਨਿਵਾਸੀਆਂ ਦਾ ਟੀਚਾ 2026 ਵਿੱਚ 9 ਫ਼ੀਸਦੀ, 2027 ਵਿੱਚ 9.5 ਫ਼ੀਸਦੀ ਅਤੇ 2028 ਵਿੱਚ 10.5 ਫ਼ੀਸਦੀ ਰੱਖਿਆ ਗਿਆ ਹੈ। ਇਸ ਦਾ ਉਦੇਸ਼ ਫਰੈਂਚ-ਭਾਸ਼ੀ ਭਾਈਚਾਰਿਆਂ ਨੂੰ ਮਜ਼ਬੂਤ ਕਰਨਾ ਹੈ। ਕੈਨੇਡਾ ਇਮੀਗ੍ਰੇਸ਼ਨ ਬੰਦ ਨਹੀਂ ਕਰ ਰਿਹਾ, ਸਗੋਂ ਇਸ ਦੀ ਰਫ਼ਤਾਰ ਅਤੇ ਤਰਜੀਹਾਂ ਬਦਲ ਰਿਹਾ ਹੈ। ਨਵੀਂ ਨੀਤੀ ਕੁਝ ਯੋਗ ਕਾਮਿਆਂ ਲਈ ਮੌਕੇ ਪੈਦਾ ਕਰ ਸਕਦੀ ਹੈ, ਪਰ ਕੌਮਾਂਤਰੀ ਵਿਦਿਆਰਥੀਆਂ ਅਤੇ ਨਵੇਂ ਬਿਨੈਕਾਰਾਂ ਲਈ ਮੁਕਾਬਲਾ ਵਧ ਸਕਦਾ ਹੈ।
ਮੈਨੀਟੋਬਾ ਅਸੈਂਬਲੀ ਵਿੱਚ ‘ਐਂਟੀ ਸਿੱਖ ਹੇਟ’ ਮਤਾ ਸਰਬਸੰਮਤੀ ਨਾਲ ਪਾਸ
ਵਿੰਨੀਪੈੱਗ: ਮੈਨੀਟੋਬਾ ਦੀ ਵਿਧਾਨ ਸਭਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਵਧ ਰਹੀਆਂ ਨਫ਼ਰਤੀ ਘਟਨਾਵਾਂ ਅਤੇ ਵਿਤਕਰੇ ਖ਼ਿਲਾਫ਼ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਵਿਧਾਇਕ ਦਿਲਜੀਤ ਪਾਲ ਬਰਾੜ ਵੱਲੋਂ ਪੇਸ਼ ਕੀਤਾ ਗਿਆ ‘ਐਂਟੀ ਸਿੱਖ ਹੇਟ’ ਮਤਾ (ਨੋਟਿਸ ਨੰਬਰ 16) ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸਮਰਥਨ ਨਾਲ ਪਾਸ ਇਸ ਮਤੇ ਰਾਹੀਂ ਸੂਬੇ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਅਤੇ ਨਸਲਵਾਦ ਤੇ ਅਸਹਿਣਸ਼ੀਲਤਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਵਿੰਨੀਪੈੱਗ ਵਿੱਚ ਨਗਰ ਕੀਰਤਨ ਤੋਂ ਪਹਿਲਾਂ ਸਾਹਮਣੇ ਆਈਆਂ ਸਿੱਖ-ਵਿਰੋਧੀ ਗ੍ਰੈਫ਼ਿਟੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਮਤੇ ਦੀ ਅਹਿਮਅਤ ਹੋਰ ਵਧ ਜਾਂਦੀ ਹੈ। ਮਤੇ ਵਿੱਚ ਦਰਜ ਕੀਤਾ ਗਿਆ ਕਿ ਸਿੱਖਾਂ ਨੇ ਸਿਹਤ, ਸਿੱਖਿਆ, ਤਕਨਾਲੋਜੀ ਅਤੇ ਜਨਤਕ ਸੇਵਾ ਵਰਗੇ ਖੇਤਰਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਬਰਾੜ ਦੀਆਂ ਕੋਸ਼ਿਸ਼ਾਂ ਨਾਲ ਇਸ ਤੋਂ ਪਹਿਲਾਂ ‘ਦਿ ਟਰਬਨ ਡੇ ਐਕਟ’ ਵੀ ਪਾਸ ਹੋ ਚੁੱਕਾ ਹੈ, ਜਿਸ ਤਹਿਤ ਹਰ ਸਾਲ 13 ਅਪਰੈਲ ਨੂੰ ‘ਦਸਤਾਰ ਦਿਵਸ’ ਮਨਾਇਆ ਜਾਂਦਾ ਹੈ।
ਕੈਨੇਡਾ ਵੱਲੋਂ ਅਮਰੀਕਾ ਤੋਂ 16 ‘ਬਲੈਕ ਹੌਕ’ ਹੈਲੀਕਾਪਟਰਾਂ ਦੀ ਖ਼ਰੀਦ ‘ਤੇ ਰੋਕ
ਓਟਵਾ: ਅਮਰੀਕਾ ਨਾਲ ਚੱਲ ਰਹੇ ਵਪਾਰਕ ਅਤੇ ਕੂਟਨੀਤਕ ਤਣਾਅ ਦੇ ਮੱਦੇਨਜ਼ਰ ਕੈਨੇਡਾ ਦੀ ਲਿਬਰਲ ਸਰਕਾਰ ਨੇ ਆਪਣੀਆਂ ਵਿਸ਼ੇਸ਼ ਫੌਜਾਂ ਲਈ ਅਮਰੀਕਾ ਤੋਂ 16 ‘ਬਲੈਕ ਹੌਕ’ ਹੈਲੀਕਾਪਟਰ ਖ਼ਰੀਦਣ ਦੇ ਫ਼ੈਸਲੇ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਹ ਕਦਮ ਅਮਰੀਕੀ ਟੈਰਿਫਾਂ ਅਤੇ ਵਪਾਰਕ ਯੁੱਧ ਦੇ ਖਦਸ਼ਿਆਂ ਦਰਮਿਆਨ ਅਮਰੀਕਾ ‘ਤੇ ਫੌਜੀ ਨਿਰਭਰਤਾ ਘਟਾਉਣ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦਾ ਧਿਆਨ ਹੁਣ ਘਰੇਲੂ ਫੌਜੀ ਉਤਪਾਦਨ ਅਤੇ ਹੋਰ ਦੇਸ਼ਾਂ ਨਾਲ ਭਾਈਵਾਲੀ ਵਧਾਉਣ ‘ਤੇ ਹੈ। ਇਹ ਹੈਲੀਕਾਪਟਰ 30 ਸਾਲ ਪੁਰਾਣੇ ‘ਗ੍ਰਿਫ਼ਨ’ ਹੈਲੀਕਾਪਟਰਾਂ ਦੀ ਥਾਂ ਲੈਣ ਲਈ ਲਿਆਂਦੇ ਜਾ ਰਹੇ ਸਨ। ਇਸ ਤੋਂ ਇਲਾਵਾ ਸਰਕਾਰ 88 ਅਮਰੀਕੀ F-35 ਲੜਾਕੂ ਜਹਾਜ਼ਾਂ ਦੀ ਖ਼ਰੀਦ ਦੀ ਵੀ ਮੁੜ ਸਮੀਖਿਆ ਕਰ ਰਹੀ ਹੈ। ਇੱਕ ਹਾਲੀਆ ਸਰਵੇਖਣ ਅਨੁਸਾਰ 60% ਤੋਂ ਵੱਧ ਕੈਨੇਡੀਅਨ ਅਮਰੀਕਾ ਤੋਂ ਫੌਜੀ ਸਾਮਾਨ ਖ਼ਰੀਦਣ ਦੇ ਖ਼ਿਲਾਫ਼ ਹਨ।
ਬੀਸੀ ਸਰਵੇਖਣ: ਕੰਜ਼ਰਵੇਟਿਵ ਪਾਰਟੀ ਨੇ ਐੱਨਡੀਪੀ ‘ਤੇ ਬਣਾਈ 5 ਪੁਆਇੰਟਾਂ ਦੀ ਲੀਡ
ਵੈਨਕੂਵਰ: ਇਪਸੋਸ (Ipsos) ਦੇ ਤਾਜ਼ਾ ਸਰਵੇਖਣ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ ਬੀਸੀ ਕੰਜ਼ਰਵੇਟਿਵ ਪਾਰਟੀ 43 ਫੀਸਦੀ ਸਮਰਥਨ ਨਾਲ ਬੀਸੀ ਐੱਨਡੀਪੀ (38 ਫੀਸਦੀ) ਤੋਂ 5 ਪੁਆਇੰਟ ਅੱਗੇ ਨਿਕਲ ਗਈ ਹੈ। ਸਰਵੇਖਣ ਮੁਤਾਬਕ ਗ੍ਰੀਨ ਪਾਰਟੀ ਨੂੰ 11 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ, ਜਦਕਿ 18 ਫੀਸਦੀ ਵੋਟਰ ਅਜੇ ਵੀ ਅਣਐਲਾਨੇ ਹਨ। ਸੂਬੇ ਦੇ ਉੱਤਰੀ ਅਤੇ ਦੱਖਣੀ ਅੰਦਰੂਨੀ ਖੇਤਰਾਂ ਵਿੱਚ ਕੰਜ਼ਰਵੇਟਿਵਾਂ ਦੀ ਪਕੜ ਮਜ਼ਬੂਤ ਹੈ, ਜਦਕਿ ਵੈਨਕੂਵਰ ਆਈਲੈਂਡ ਵਿੱਚ ਐੱਨਡੀਪੀ ਅੱਗੇ ਹੈ। ਸਰਵੇਖਣ ਵਿੱਚ ਸ਼ਾਮਲ 50 ਫੀਸਦੀ ਲੋਕਾਂ ਨੇ ਸੂਬੇ ਵਿੱਚ ਸਰਕਾਰ ਬਦਲਣ ਦੀ ਇੱਛਾ ਜਤਾਈ ਹੈ। 24 ਅਕਤੂਬਰ ਦੀਆਂ ਪ੍ਰਾਂਤਕ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਆਗੂਆਂ ਦੀ ਬਹਿਸ ਵੋਟਰਾਂ ਦੇ ਮਨ ਬਦਲਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
$10-ਪ੍ਰਤੀ-ਦਿਨ ਡੇ-ਕੇਅਰ ਯੋਜਨਾ ਨੂੰ ਲੈ ਕੇ ਬੀਸੀ ਪ੍ਰੀਮੀਅਰ ਡੇਵਿਡ ਈਬੀ ਵਿਵਾਦਾਂ ‘ਚ
ਵਿਕਟੋਰੀਆ: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਆਪਣੇ ਪਰਿਵਾਰ ਵੱਲੋਂ ਸਰਕਾਰੀ $10-ਪ੍ਰਤੀ-ਦਿਨ ਬੱਚਿਆਂ ਦੀ ਦੇਖਭਾਲ ਯੋਜਨਾ ਦਾ ਲਾਭ ਲੈਣ ਕਾਰਨ ਵਿਰੋਧੀ ਪਾਰਟੀ ਦੇ ਨਿਸ਼ਾਨੇ ‘ਤੇ ਆ ਗਏ ਹਨ। ਕਨਜ਼ਰਵੇਟਿਵ ਉਮੀਦਵਾਰ ਮਾਰਗਰੇਟਾ ਡੋਵਗਲ ਨੇ ਦੋਸ਼ ਲਾਇਆ ਕਿ $226,000 ਦੀ ਸਾਲਾਨਾ ਤਨਖਾਹ ਲੈਣ ਵਾਲੇ ਪ੍ਰੀਮੀਅਰ ਨੂੰ ਅਜਿਹੀ ਸਬਸਿਡੀ ਵਾਲੀ ਯੋਜਨਾ ਦਾ ਲਾਭ ਨਹੀਂ ਲੈਣਾ ਚਾਹੀਦਾ। ਸਫ਼ਾਈ ਦਿੰਦਿਆਂ ਈਬੀ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਪਹਿਲਾਂ ਤੋਂ ਹੀ ਉਸ ਸੈਂਟਰ ਵਿੱਚ ਸੀ ਜਿਸ ਨੂੰ ਬਾਅਦ ਵਿੱਚ ਇਸ ਯੋਜਨਾ ਅਧੀਨ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਫੀਸ ਵਿੱਚ ਮਿਲੀ ਛੋਟ ਦੀ ਰਕਮ ਉਨ੍ਹਾਂ ਨੇ ਡੇ-ਕੇਅਰ ਸੈਂਟਰ ਨੂੰ ਦਾਨ ਵਜੋਂ ਦੇ ਦਿੱਤੀ ਹੈ। ਹਾਲਾਂਕਿ, ਸੂਬੇ ਵਿੱਚ ਇਸ ਯੋਜਨਾ ਅਧੀਨ ਹਾਲੇ ਸਿਰਫ਼ 10% (ਲਗਭਗ 18,000) ਸੀਟਾਂ ਹੀ ਉਪਲਬਧ ਹੋਣ ਕਾਰਨ ਆਮ ਲੋਕਾਂ ਵਿੱਚ ਭਾਰੀ ਅਸੰਤੋਸ਼ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਨਰਿੰਦਰ ਮੋਦੀ ਵਿਚਕਾਰ ਫੋਨ ‘ਤੇ ਗੱਲਬਾਤ
ਓਟਵਾ/ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਟੈਲੀਫ਼ੋਨ ‘ਤੇ ਅਹਿਮ ਗੱਲਬਾਤ ਹੋਈ। ਦੋਵਾਂ ਆਗੂਆਂ ਨੇ ਵਿੱਤ, ਰੱਖਿਆ, ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਵਪਾਰ ਦੇ ਖੇਤਰਾਂ ਵਿੱਚ ਦੋਪੱਖੀ ਸਬੰਧਾਂ ਦੇ ਵਾਧੇ ‘ਤੇ ਸੰਤੁਸ਼ਟੀ ਪ੍ਰਗਟਾਈ। ਦੋਵਾਂ ਦੇਸ਼ਾਂ ਨੇ ‘ਵਿਆਪਕ ਆਰਥਿਕ ਭਾਈਵਾਲੀ ਸਮਝੌਤੇ’ (CEPA) ਨੂੰ ਜਲਦੀ ਅੰਤਿਮ ਰੂਪ ਦੇਣ ਦੀ ਵਚਨਬੱਧਤਾ ਦੁਹਰਾਈ ਤਾਂ ਜੋ 2030 ਤੱਕ ਦੋਪੱਖੀ ਵਪਾਰ ਨੂੰ ਦੁੱਗਣਾ ਕੀਤਾ ਜਾ ਸਕੇ। ਪੀਐੱਮ ਕਾਰਨੀ ਨੇ ਰੂਸ-ਯੂਕਰੇਨ ਜੰਗ ਦੇ ਅਮਨ-ਅਮਾਨ ਨਾਲ ਹੱਲ ਲਈ ਮੋਦੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਦਸੰਬਰ ਮਹੀਨੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਫੇਰੀ ਦੀ ਸੰਭਾਵਨਾ ਹੈ।
ਵਿਦੇਸ਼ੀ ਖਰੀਦਦਾਰਾਂ ‘ਤੇ ਹਾਊਸਿੰਗ ਪਾਬੰਦੀ 2027 ‘ਚ ਹੋਵੇਗੀ ਖ਼ਤਮ: ਮਾਹਿਰਾਂ ਦੀ ਰਾਏ
ਟੋਰੰਟੋ: ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕਾਂ ਵੱਲੋਂ ਘਰ ਖਰੀਦਣ ‘ਤੇ ਲਗਾਈ ਗਈ ਪਾਬੰਦੀ 1 ਜਨਵਰੀ 2027 ਨੂੰ ਖ਼ਤਮ ਹੋਣ ਜਾ ਰਹੀ ਹੈ। ਹਾਲਾਂਕਿ ਕੁਝ ਹਲਕਿਆਂ ਵਿੱਚ ਘਰਾਂ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਪਰ ਰਾਇਲ ਬੈਂਕ ਆਫ਼ ਕੈਨੇਡਾ ਦੇ ਅਰਥ ਸ਼ਾਸਤਰੀ ਰਾਬਰਟ ਹੌਗ ਅਤੇ ਓਟਵਾ ਯੂਨੀਵਰਸਿਟੀ ਦੇ ਮਾਈਕ ਮੋਫੈਟ ਵਰਗੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਮਾਰਕੀਟ ‘ਤੇ ਕੋਈ ਵੱਡਾ ਅਸਰ ਨਹੀਂ ਪਵੇਗਾ। ਮਾਹਿਰਾਂ ਅਨੁਸਾਰ ਮੌਜੂਦਾ ਸਮੇਂ ਉੱਚ ਵਿਆਜ ਦਰਾਂ ਕਾਰਨ ਰੀਅਲ ਅਸਟੇਟ ਬਾਜ਼ਾਰ ਪਹਿਲਾਂ ਹੀ ਠੰਡਾ ਹੈ। ਵਿੱਤ ਮੰਤਰੀ ਫ੍ਰਾਂਕੋਇਸ-ਫਿਲਿਪ ਸ਼ੈਂਪੇਨ ਨੇ ਕਿਹਾ ਹੈ ਕਿ ਸਰਕਾਰ ਹਾਊਸਿੰਗ ਦੀ ਸਪਲਾਈ ਵਧਾਉਣ ਲਈ ਸਾਰੇ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ।
ਉੱਤਰ-ਪੱਛਮੀ ਓਨਟਾਰੀਓ ‘ਚ ਮੈਨੀਟੋਬਾ ਵਾਂਗ ਪੱਕਾ ‘ਡੇਅ-ਲਾਇਟ ਟਾਈਮ’ ਲਾਗੂ ਹੋਵੇਗਾ
ਟੋਰੰਟੋ: ਓਨਟਾਰੀਓ ਸਰਕਾਰ ਆਪਣੇ ਉੱਤਰ-ਪੱਛਮੀ ਖੇਤਰਾਂ (90ਵੇਂ ਮੈਰੀਡੀਅਨ ਦੇ ਪੱਛਮ) ਵਿੱਚ ਪੱਕੇ ਤੌਰ ‘ਤੇ ‘ਡੇਅ-ਲਾਇਟ ਟਾਈਮ’ ਲਾਗੂ ਕਰਨ ਜਾ ਰਹੀ ਹੈ। ਕੈਬਨਿਟ ਮੰਤਰੀ ਗ੍ਰੈਗ ਰਿਕਫੋਰਡ ਅਨੁਸਾਰ 1 ਨਵੰਬਰ ਨੂੰ ‘ਟਾਈਮ ਐਕਟ’ ਵਿੱਚ ਸੋਧ ਕੀਤੀ ਜਾਵੇਗੀ ਤਾਂ ਜੋ ਇਸ ਖੇਤਰ ਦਾ ਸਮਾਂ ਗੁਆਂਢੀ ਸੂਬੇ ਮੈਨੀਟੋਬਾ ਨਾਲ ਮੇਲ ਖਾ ਸਕੇ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਵੱਲੋਂ ਘੜੀਆਂ ਬਦਲਣ ਦਾ ਸਿਲਸਿਲਾ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਸਥਾਨਕ ਸਰਵੇਖਣ ਵਿੱਚ 90% ਤੋਂ ਵੱਧ ਲੋਕਾਂ ਨੇ ਮੈਨੀਟੋਬਾ ਦੇ ਨਵੇਂ ਸਮੇਂ ਨਾਲ ਚੱਲਣ ਦੀ ਹਮਾਇਤ ਕੀਤੀ ਸੀ।
ਕੈਨੇਡਾ ਵਿੱਚ ਚੈਰਿਟੀਜ਼ ‘ਤੇ ਲੋਕਾਂ ਦੀ ਨਿਰਭਰਤਾ ਵਧੀ: RBC ਸਰਵੇਖਣ
ਟੋਰੰਟੋ: ਰਾਇਲ ਬੈਂਕ ਆਫ਼ ਕੈਨੇਡਾ (RBC) ਦੇ ਇੱਕ ਤਾਜ਼ਾ ਸਰਵੇਖਣ ਮੁਤਾਬਕ ਪਿਛਲੇ 12 ਮਹੀਨਿਆਂ ਦੌਰਾਨ ਕੈਨੇਡਾ ਵਿੱਚ ਹਰ ਪੰਜਾਂ ਵਿੱਚੋਂ ਦੋ (40%) ਲੋਕਾਂ ਨੇ ਕਿਸੇ ਨਾ ਕਿਸੇ ਚੈਰਿਟੀ ਜਾਂ ਗੈਰ-ਲਾਭਕਾਰੀ ਸੰਸਥਾ ਦੀ ਮਦਦ ਲਈ ਹੈ। ਬੱਚਿਆਂ ਵਾਲੇ ਪਰਿਵਾਰਾਂ ਵਿੱਚ ਇਹ ਅੰਕੜਾ 49 ਫੀਸਦੀ ਤੱਕ ਪਹੁੰਚ ਗਿਆ ਹੈ। ਸਭ ਤੋਂ ਵੱਧ 68 ਫੀਸਦੀ ਲੋਕਾਂ ਨੇ ਸਿਹਤ ਸੇਵਾਵਾਂ ਅਤੇ 26 ਫੀਸਦੀ ਲੋਕਾਂ ਨੇ ਫੂਡ ਬੈਂਕਾਂ/ਚੈਰਿਟੀਜ਼ ਦੀ ਵਰਤੋਂ ਕੀਤੀ। ਰਿਪੋਰਟ ਦਰਸਾਉਂਦੀ ਹੈ ਕਿ ਨੌਜਵਾਨ ਪੀੜ੍ਹੀ (44%) ਸਿੱਖਿਆ ਅਤੇ ਰੁਜ਼ਗਾਰ ਸੇਵਾਵਾਂ ਲਈ ਇਹਨਾਂ ਸੰਸਥਾਵਾਂ ‘ਤੇ ਸਭ ਤੋਂ ਵੱਧ ਨਿਰਭਰ ਹੈ।
ਅਮਰੀਕੀ ਹਾਦਸੇ ਤੋਂ ਬਾਅਦ ਕੈਨੇਡਾ ਦੇ ਵੰਡਰਲੈਂਡ ‘ਚ ਰੋਲਰ ਕੋਸਟਰ ਅਸਥਾਈ ਤੌਰ ‘ਤੇ ਬੰਦ
ਟੋਰੰਟੋ: ਅਮਰੀਕਾ ਦੇ ਅਟਲਾਂਟਾ ਨੇੜੇ ਸਿਕਸ ਫਲੈਗਜ਼ ਪਾਰਕ ਵਿੱਚ ਰੋਲਰ ਕੋਸਟਰ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਤੋਂ ਬਾਅਦ, ਕੈਨੇਡਾ ਦੇ ਵੰਡਰਲੈਂਡ ਨੇ ਆਪਣੇ ਦੋ ਪ੍ਰਸਿੱਧ ਰੋਲਰ ਕੋਸਟਰ—’ਬੇਹੇਮੋਥ’ (Behemoth) ਅਤੇ ‘ਲੇਵੀਅਥਨ’ (Leviathan)—ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਹਨ। ਮਾਂਟਰੀਅਲ ਦੇ ‘ਲਾ ਰੋਂਡ’ ਪਾਰਕ ਨੇ ਵੀ ‘ਗੋਲਿਅਥ’ ਰਾਈਡ ਨੂੰ ਬੰਦ ਕੀਤਾ ਹੈ। ਸੁਰੱਖਿਆ ਜਾਂਚ ਪੂਰੀ ਹੋਣ ਤੱਕ ਇਹ ਰਾਈਡਾਂ ਬੰਦ ਰਹਿਣਗੀਆਂ। ਪ੍ਰੋਫ਼ੈਸਰ ਡੌਗ ਪੇਰੋਵਿਕ ਅਨੁਸਾਰ ਜਾਂਚ ਦਾ ਮੁੱਖ ਧਿਆਨ ਸੁਰੱਖਿਆ ਬੈਲਟਾਂ ‘ਤੇ ਹੋਵੇਗਾ। ਓਂਟਾਰੀਓ ਦੇ ਪਬਲਿਕ ਸੇਫ਼ਟੀ ਰੈਗੂਲੇਟਰ ਨੇ ਭਰੋਸਾ ਦਿਵਾਇਆ ਹੈ ਕਿ ਕੈਨੇਡਾ ਵਿੱਚ ਰਾਈਡਾਂ ਦੀ ਨਿਯਮਤ ਜਾਂਚ ਕੀਤੀ ਜਾਂਦੀ ਹੈ ਅਤੇ ਸੁਰੱਖਿਆ ਮਿਆਰ ਬਹੁਤ ਉੱਚੇ ਹਨ।
