ਆਸੀਆਨ ਗੁੱਟ ਨਾਲ ਰਣਨੀਤਕ ਭਾਈਵਾਲ ਬਣਨ ਦੀ ਤਿਆਰੀ ’ਚ ਕੈਨੇਡਾ

Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇੰਡੋਨੇਸ਼ੀਆ ਦੇ ਦੌਰੇ ਦੌਰਾਨ ਓਟਾਵਾ ਨੂੰ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਆਪਣਾ ਨਵੀਨਤਮ ਰਣਨੀਤਕ ਭਾਈਵਾਲ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ ਇੰਡੋ-ਪੈਸੀਫਿਕ ਖੇਤਰ ਦੇ ਅੰਦਰ ਕੈਨੇਡਾ ਦੇ ਰੁਤਬੇ ਨੂੰ ਹੁਲਾਰਾ ਮਿਲਣਾ ਤੈਅ ਹੈ। ਸੰਗਠਨ ਦਾ ਇਹ ਕਦਮ ਇੱਕ ਪ੍ਰਤੀਕਾਤਮਕ ਸੰਕੇਤ ਹੈ ਜੋ ਇਸ ਖੇਤਰ ’ਚ ਕੈਨੇਡਾ ਦੀ ਵਿਸਤ੍ਰਿਤ ਮੌਜੂਦਗੀ ਨੂੰ ਮਾਨਤਾ ਦਿੰਦਾ ਹੈ ਅਤੇ ਕੈਨੇਡਾ-ਆਸੀਆਨ ਮੁਕਤ ਵਪਾਰ ਸਮਝੌਤੇ ’ਤੇ ਹੋ ਰਹੀ ਪ੍ਰਗਤੀ ਨੂੰ ਦਰਸਾਉਂਦਾ ਹੈ।
ਇਸ ਸਾਂਝੇਦਾਰੀ ਦੀ ਪੁਸ਼ਟੀ ਉਦੋਂ ਕੀਤੀ ਜਾਵੇਗੀ ਜਦੋਂ ਟਰੂਡੋ ਮੰਗਲਵਾਰ ਅਤੇ ਬੁੱਧਵਾਰ ਨੂੰ ਵਪਾਰ ਮੰਤਰੀ ਮੈਰੀ ਐਨਜੀ ਦੇ ਨਾਲ ਜਕਾਰਤਾ ’ਚ ਹੋਣਗੇ। ਟਰੂਡੋ ਐਤਵਾਰ ਸ਼ਾਮੀਂ ਆਪਣੇ ਬੇਟੇ ਜ਼ੇਵੀਅਰ ਨਾਲ ਓਟਾਵਾ ਤੋਂ ਇੰਡੋਨੇਸ਼ੀਆ ਰਵਾਨਾ ਹੋਏ ਸਨ। ਆਪਣੀ ਯਾਤਰਾ ਦੌਰਾਨ, ਉਹ ਜਲਵਾਯੂ ਪਰਿਵਰਤਨ, ਖੁਰਾਕ ਸੁਰੱਖਿਆ ਅਤੇ ਆਰਥਿਕ ਸੰਬੰਧਾਂ ਨੂੰ ਅੱਗੇ ਵਧਾਉਣ ਬਾਰੇ ਚਰਚਾ ਕਰਨ ਲਈ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਮੁਲਾਕਾਤ ਕਰਨਗੇ -ਜਿਸ ’ਚ ਊਰਜਾ ਉਤਪਾਦਨ ਅਤੇ ਵਪਾਰ ਵੀ ਸ਼ਾਮਿਲ ਹਨ।
ਆਸੀਆਨ-ਕੈਨੇਡਾ ਰਣਨੀਤਕ ਭਾਈਵਾਲੀ ਦੀ ਸ਼ੁਰੂਆਤ ਬੁੱਧਵਾਰ ਨੂੰ ਹੋਵੇਗੀ, ਜਿਸ ’ਚ ਟਰੂਡੋ ਵਲੋਂ ਟਿੱਪਣੀਆਂ ਦੇਣ ਦੀ ਵੀ ਉਮੀਦ ਹੈ। ਕੈਨੇਡਾ-ਆਸੀਆਨ ਬਿਜ਼ਨਸ ਕੌਂਸਲ ਦੇ ਪ੍ਰਧਾਨ ਵੇਨ ਫਾਰਮਰ ਨੇ ਜਕਾਰਤਾ ’ਚ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਆਸੀਆਨ ਦਾ ਮੰਨਣਾ ਹੈ ਕਿ ਕੈਨੇਡਾ ਨਾਲ ਸੰਬੰਧ ਪਹਿਲਾਂ ਦੀ ਤੁਲਨਾ ’ਚ ਕਿਤੇ ਗਹਿਰੇ ਹੋਏ ਹਨ।
ਆਸੀਆਨ ਗੁੱਟ, ਜਿਸ ’ਚ ਬਰੂਨੇਈ ਦਾਰੂਸਲਾਮ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਸ਼ਾਮਿਲ ਹਨ, ਸਾਲਾਂ ਤੋਂ ਕੈਨੇਡਾ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ। ਟਰੂਡੋ ਦੀ ਇਸ ਫੇਰੀ ਤੱਕ ਇੱਕ ਰਣਨੀਤਕ ਭਾਈਵਾਲ ਨਾ ਹੋਣ ਦੇ ਬਾਵਜੂਦ, ਇਸ ਗੁੱਟ ਨੇ ’ਚ ਕੈਨੇਡਾ ਨਾਲ ਇੱਕ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਸ਼ੁਰੂ ਕੀਤੀ ਸੀ।
ਜ਼ਿਕਰਯੋਗ ਹੈ ਕਿ ਇੰਡੋ-ਪੈਸੀਫਿਕ, ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਨਿਰਯਾਤ ਬਾਜ਼ਾਰ ਹੈ, ਜਿਸ ’ਚ ਪਿਛਲੇ ਸਾਲ ਸਾਲਾਨਾ ਦੋ-ਪੱਖੀ ਵਪਾਰ 270 ਅਰਬ ਡਾਲਰ ਸੀ।