Ottawa- ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਟਰੂਡੋ ਵਲੋਂ ਦਿੱਤੇ ਗਏ ਬਿਆਨ ਦੇ ਮਗਰੋਂ ਹੁਣ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚਾਲੇ ਖਟਾਸ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਵਿਚਾਲੇ ਹੁਣ ਕੈਨੇਡਾ ਨੇ ਭਾਰਤ ਦੀ ਯਾਤਰਾ ਨੂੰ ਲੈ ਕੇ ਆਪਣੇ ਨਾਗਰਿਕਾਂ ਲਈ ਇੱਕ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਕੈਨੇਡਾ ਸਰਕਾਰ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਇਸ ਐਡਵਾਇਜ਼ਰੀ ’ਚ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ’ਚ ਉੱਚ ਪੱਧਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਦੇਸ਼ ਭਰ ’ਚ ਅੱਤਵਾਦੀ ਹਮਲਿਆਂ ਦੇ ਖ਼ਤਰੇ ਕਾਰਨ ਭਾਰਤ ’ਚ ਬਹੁਤ ਸਾਵਧਾਨੀ ਵਰਤੋ। ਗ਼ੈਰ-ਜ਼ਰੂਰੀ ਯਾਤਰਾ ਤੋਂ ਬਚੋ।
ਕੈਨੇਡੀਅਨ ਸਰਕਾਰ ਵਲੋਂ ਜਾਰੀ ਇਸ ਐਡਵਾਇਜ਼ਰੀ ਮੁਤਾਬਕ ਅਸਾਮ, ਮਨੀਪੁਰ ’ਚ ਅੱਤਵਾਦ ਅਤੇ ਬਗਾਵਤ ਦੇ ਖਤਰੇ ਦੇ ਕਾਰਨ ਗੈਰ-ਜ਼ਰੂਰੀ ਯਾਤਰਾ ਤੋਂ ਬਚੋ। ਨਾਲ ਹੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਣਪਛਾਤੀ ਸੁਰੱਖਿਆ ਸਥਿਤੀ ਦੇ ਕਾਰਨ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਤੋਂ ਵੀ ਪਰਹੇਜ਼ ਕਰਨ। ਇੱਥੇ ਅੱਤਵਾਦ, ਖਾੜਕੂਵਾਦ, ਸਿਵਲ ਅਸ਼ਾਂਤੀ ਅਤੇ ਅਗਵਾਕਾਰੀ ਦਾ ਖਤਰਾ ਹੈ। ਹਾਲਾਂਕਿ ਸਰਕਾਰ ਨੇ ਇਸ ਐਡਵਾਇਜ਼ਰੀ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀ ਯਾਤਰਾ ਨੂੰ ਸ਼ਾਮਲ ਨਹੀਂ ਕੀਤਾ ਹੈ।”
ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਦੀ ਯਾਤਰਾ ਤੋਂ ਬਚਣ ਲਈ ਵੀ ਚਿਤਾਵਨੀ ਦਿੱਤੀ ਹੈ। ਐਡਵਾਇਜ਼ਰੀ ਦੇ ਅਨੁਾਸਰ ਅਣਪਛਾਤੀ ਸੁਰੱਖਿਆ ਸਥਿਤੀ ਅਤੇ ਬਾਰੂਦੀ ਸੁਰੰਗਾਂ ਅਤੇ ਅਣ ਵਿਸਫੋਟ ਹਥਿਆਰਾਂ ਦੀ ਮੌਜੂਦਗੀ ਦੇ ਕਾਰਨ ਪੰਜਾਬ, ਰਾਜਸਥਾਨ ਅਤੇ ਗੁਜਰਾਤ ਸੂਬਿਆਂ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰਲੇ ਖੇਤਰਾਂ ’ਚ ਸਾਰੀਆਂ ਯਾਤਰਾਵਾਂ ਤੋਂ ਬਚੋ। ਇਸ ਸਲਾਹ ’ਚ ਵਾਹਗਾ ਬਾਰਡਰ ਕਰਾਸਿੰਗ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਜੂਨ ’ਚ ਹੋਏ ਹਰਦੀਪ ਸਿੰਘ ਨਿੱਝਰ ਹੱਤਿਆਕਾਂਡ ਨੂੰ ਲੈ ਕੇ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਦੇ ਸਦਨ ਹਾਊਸ ਆਫ਼ ਕਾਮਨਜ਼ ਨੂੰ ਸੰਬੋਧਿਤ ਕਰਦਿਆਂ ਆਖਿਆ ਸੀ ਕਿ ਇਸ ਹੱਤਿਆ ਦੇ ਪਿੱਛੇ ਸਿੱਧੇ ਤੌਰ ’ਤੇ ਭਾਰਤ ਦਾ ਹੱਥ ਸੀ। ਟਰੂਡੋ ਦੇ ਇਸ ਬਿਆਨ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਤਲਖ਼ੀ ਵੱਧ ਗਈ ਅਤੇ ਇਹ ਇਸੇ ਦਾ ਨਤੀਜਾ ਸੀ ਕਿ ਸੋਮਵਾਰ ਸ਼ਾਮ ਤੱਕ ਕੈਨੇਡਾ ਨੇ ਓਟਾਵਾ ’ਚ ਭਾਰਤੀ ਹਾਈ ਕਮਿਸ਼ਨ ਦੇ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਇਹ ਕਹਿੰਦਿਆਂ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਕਿ ਉਹ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਦਾ ਏਜੰਟ ਹੈ। ਇਸੇ ਦੇ ਜਵਾਬ ’ਚ ਮੰਗਲਵਾਰ ਨੂੰ ਭਾਰਤ ਨੇ ਵੀ ਨਵੀਂ ਦਿੱਲੀ ਵਿਖੇ ਕੈਨੇਡਾ ਦੇ ਇੱਕ ਸੀਨੀਅਰ ਡਿਪੋਲਮੈਟ ਨੂੰ ਬਰਖ਼ਾਸਤ ਕਰਦਿਆਂ ਉਸ ਨੂੰ ਪੰਜ ਦਿਨਾਂ ਦੇ ਅੰਦਰ-ਅੰਦਰ ਮੁਲਕ ਛੱਡਣ ਦਾ ਹੁਕਮ ਦਿੱਤਾ ਸੀ।