58 ਸਾਲ ਪੁਰਾਣੇ ਮੱਝ ਚੋਰੀ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ

ਡੈਸਕ- ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਕਿ ਘਟਨਾ ਦੇ 58 ਸਾਲ ਬਾਅਦ ਵੀ ਕਿਸੇ ਨੂੰ ਮੱਝ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਦੇ ਉਦਗੀਰ ਦੇ ਰਹਿਣ ਵਾਲੇ ਗਣਪਤੀ ਵਿੱਠਲ ਵਾਗੋਰ ਨੂੰ ਪੁਲਿਸ ਨੇ 58 ਸਾਲ ਪੁਰਾਣੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 1965 ‘ਚ ਮੱਝ ਚੋਰੀ ਕਰਨ ਦਾ ਦੋਸ਼ ਹੈ। ਇਸ ਸਮੇਂ ਉਨ੍ਹਾਂ ਦੀ ਉਮਰ 78 ਸਾਲ ਹੈ। ਘਟਨਾ ਦੇ ਸਮੇਂ ਉਨ੍ਹਾਂ ਦੀ ਉਮਰ ਸਿਰਫ 20 ਸਾਲ ਸੀ।

ਦਰਅਸਲ, ਬਿਦਰ ਪੁਲਿਸ ਇਨ੍ਹੀਂ ਦਿਨੀਂ ਇਕ ਕੋਲਡ ਕੇਸ ਪ੍ਰੋਜੈਕਟ ਚਲਾ ਰਹੀ ਹੈ। ਵਾਗੋਰ ਨੇ ਕਰਨਾਟਕ ਦੇ ਬਿਦਰ ਤੋਂ ਇੱਕ ਮੱਝ ਅਤੇ ਇੱਕ ਵੱਛਾ ਚੋਰੀ ਕੀਤਾ ਸੀ। ਬਿਦਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਹ ਸਭ ਤੋਂ ਪੁਰਾਣਾ ਐਲਪੀਸੀ (ਲੰਬਾ ਪੈਂਡਿੰਗ ਕੇਸ) ਹੈ। ਬਿਦਰ ਜ਼ਿਲ੍ਹਾ ਮਹਾਰਾਸ਼ਟਰ ਦੀ ਸਰਹੱਦ ‘ਤੇ ਹੈ। ਇਸ ਮਾਮਲੇ ਵਿੱਚ ਵਿੱਠਲ ਦੇ ਨਾਲ ਇਕ ਹੋਰ ਮੁਲਜ਼ਮ ਸੀ ਜਿਸ ਦੀ ਮੌਤ ਹੋ ਚੁੱਕੀ ਹੈ। ਘਟਨਾ ਦੇ ਸਮੇਂ ਕ੍ਰਿਸ਼ਨ ਚੰਦਰ ਦੀ ਉਮਰ 30 ਸਾਲ ਸੀ।

ਸਾਲ 2006 ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬਿਦਰ ਦੇ ਐਸਪੀ ਦਾ ਕਹਿਣਾ ਹੈ ਕਿ ਮੁਲਜ਼ਮ ਵਿੱਠਲ ਕਈ ਸਾਲਾਂ ਤੋਂ ਬਿੱਲੀ ਅਤੇ ਚੂਹੇ ਦੀ ਖੇਡ ਖੇਡ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਵਿੱਠਲ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਉਮਰ ਨੂੰ ਦੇਖਦੇ ਹੋਏ ਉਸ ਨੂੰ ਜ਼ਮਾਨਤ ਮਿਲ ਗਈ। ਪੁਲਿਸ ਨੇ ਦੱਸਿਆ ਕਿ ਪਸ਼ੂ ਚੋਰੀ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ ਸਨ। ਅਜਿਹੇ ਵਿੱਚ ਵਿੱਠਲ ਨੂੰ ਇਸ ਚੋਰੀ ਦਾ ਕੋਈ ਫਾਇਦਾ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਵਿੱਠਲ ਨੂੰ ਨਿਗਰਾਨੀ ‘ਚ ਰੱਖਿਆ ਜਾਵੇਗਾ।