ਐਡਮਿੰਟਨ ਦੇ ਮਾਲ ’ਚ ਹੋਈ ਗੋਲੀਬਾਰੀ, ਤਿੰਨ ਵਿਅਕਤੀ ਜ਼ਖ਼ਮੀ

Edmonton- ਪੱਛਮੀ ਐਡਮਿੰਟਨ ’ਚ ਸੋਮਵਾਰ ਰਾਤੀਂ ਹੋਈ ਗੋਲੀਬਾਰੀ ’ਚ ਤਿੰਨ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਐਡਮਿੰਟਨ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਐਡਮਿੰਟਨ ਪੁਲਿਸ ਨੇ ਇੱਕ ਬਿਆਨ ’ਚ ਦੱਸਿਆ ਕਿ ਉਨ੍ਹਾਂ ਨੂੰ ਸ਼ਾਮੀਂ ਕਰੀਬ 7.40 ਵਜੇ ਇੱਥੋਂ ਦੇ ਇੱਕ ਮਾਲ ’ਚ ਗੋਲੀਬਾਰੀ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਤਿੰਨ ਪੁਰਸ਼ ਜ਼ਖ਼ਮੀ ਹਾਲਤ ’ਚ ਮਿਲੇ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਪੁਲਿਸ ਨੇ ਤਿੰਨਾਂ ਜ਼ਖ਼ਮੀਆਂ ਦੀ ਪਹਿਚਾਣ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ।
ਐਡਮਿੰਟਨ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਮਾਲ ਦੇ ਪੱਛਮ ’ਚ ਪੈਂਦੇ ਫੇਜ਼-3 ’ਚ ਹੋਈ। ਉਨ੍ਹਾਂ ਨੇ ਇਸ ਮਾਮਲੇ ਦੇ ਸੰਬੰਧ ’ਚ ਕਿਸੇ ਗਿ੍ਰਫ਼ਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਈ. ਪੀ. ਐੱਸ. ਦੇ ਬੁਲਾਰੇ ਡੈਨੀਅਲ ਟੈਮਜ਼ ਨੇ ਦੱਸਿਆ ਕਿ ਜਾਂਚ ਅਜੇ ਮੁੱਢਲੀ ਅਵਸਥਾ ’ਚ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਬਾਰੇ ’ਚ ਵਧੇਰੇ ਜਾਣਕਾਰੀ ਮਿਲੇਗੀ। ਟੇਮਜ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਅਤੇ ਦੋਵੇਂ ਪਾਰਟੀਆਂ ਇੱਕ-ਦੂਜੇ ਨੂੰ ਜਾਣਦੀਆਂ ਸਨ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਕੋਈ ਖ਼ਤਰਾ ਹੈ। ਦੱਸ ਦਈਏ ਕਿ ਗੋਲੀਬਾਰੀ ਦੇ ਮਗਰੋਂ ਪੁਲਿਸ ਵਲੋਂ ਇੱਥੇ ਲਾਕਡਾਊਨ ਲਗਾ ਦਿੱਤਾ ਗਿਆ ਸੀ, ਜਿਸ ਨੂੰ ਕਿ ਬਾਅਦ ’ਚ ਹਟਾ ਦਿੱਤਾ ਗਿਆ।