ਮਹਿੰਗਾਈ ਦੀ ਮਾਰ ਨੇ ਝੰਬੇ ਕੈਨੇਡੀਅਨ

Ottawa- ਕੈਨੇਡਾ ’ਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅਗਸਤ ਮਹੀਨੇ ਦੇਸ਼ ਦੀ ਸਲਾਨਾ ਮਹਿੰਗਾਈ ਦਰ 4 ਫ਼ੀਸਦੀ ਦਰਜ ਕੀਤੀ ਗਈ ਹੈ। ਮਹਿੰਗਾਈ ’ਚ ਵਾਧਾ ਮੁੱਖ ਰੂਪ ਤੌਰ ਗੈਸੋਲੀਨ ਦੀਆਂ ਕੀਮਤਾਂ ’ਚ ਆਈ ਤੇਜ਼ੀ ਦੇ ਕਾਰਨ ਦਰਜ ਕੀਤਾ ਗਿਆ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਮਹਿੰਗਾਈ ’ਚ 0.7 ਪ੍ਰਤੀਸ਼ਤ ਅੰਕਾਂ ਦਾ ਵਾਧਾ ਹੋਇਆ ਹੈ, ਕਿਉਂਕਿ ਜਨਵਰੀ ਤੋਂ ਬਾਅਦ ਪਹਿਲੀ ਵਾਰੀ ਗੈਸੋਲੀਨ ਦੀਆਂ ਕੀਮਤਾਂ ਦੀ ਸਾਲਾਨਾ ਆਧਾਰ ’ਤੇ ਵਧੀਆਂ ਹਨ।
ਇਕੱਲੇ ਅਗਸਤ ’ਚ ਹੀ ਗੈਸ ਦੀਆਂ ਕੀਮਤਾਂ 4.6 ਫ਼ੀਸਦੀ ਵਧੀਆਂ ਹਨ ਅਤੇ ਪਿਛਲੇ ਸਾਲ ਦੀ ਤੁਲਨਾ ’ਚ ਇਹ ਅੰਕੜਾ 0.8 ਫ਼ੀਸਦੀ ਵਧਿਆ ਹੈ। ਊਰਜਾ ਕੀਮਤਾਂ ਦਾ ਸਮੁੱਚੀ ਮਹਿੰਗਾਈ ਦਰ ‘ਤੇ ਕਾਫ਼ੀ ਪ੍ਰਭਾਵ ਹੁੰਦਾ ਹੈ, ਕਿਉਂਕੀ ਇਹ ਕੀਮਤਾਂ ਉਤਪਾਦਨ ਤੋਂ ਲੈ ਕੇ ਆਵਾਜਾਈ ਤੱਕ, ਹਰੇਕ ਚੀਜ਼ ਦੀ ਲਾਗਤ ਨੂੰ ਪ੍ਰਭਾਵਿਤ ਕਰਦੀਆਂ ਹਨ।
ਇੰਨਾ ਹੀ ਨਹੀਂ ਸਟੈਟਿਸਟਿਕ ਕੈਨੇਡਾ ਦਾ ਕਹਿਣਾ ਹੈ ਕਿ ਅਗਸਤ ਦੌਰਾਨ ਦੇਸ਼ ’ਚ ਰਿਹਾਇਸ਼ ਦੀ ਲਾਗਤ ’ਚ ਵੀ 6 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜਨਵਰੀ ’ਚ ਇਹ ਦਰ 5.1 ਪ੍ਰਤੀਸ਼ਤ ਸੀ। ਰਿਹਾਇਸ਼ ’ਚ ਸਭ ਤੋਂ ਵੱਡਾ ਇਕਹਿਰਾ ਕਾਰਕ ਕਿਰਾਇਆਂ ਦਾ ਵਾਧਾ ਰਿਹਾ ਹੈ। ਅਗਸਤ ਦੌਰਾਨ ਦੇਸ਼ ਭਰ ’ਚ ਔਸਤ ਕਿਰਾਏ ’ਚ 6.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਮੌਰਗੇਜ ਵਿਆਜ ਦੀ ਲਾਗਤ ’ਚ ਵੀ ਅਗਸਤ ਦੌਰਾਨ 2.7 ਫ਼ੀਸਦੀ ਦਾ ਵਾਧਾ ਹੋਇਆ ਅਤੇ ਹੁਣ ਮੌਰਗੇਜ ਲਾਗਤ ’ਚ ਇਸ ਸਾਲ ਦਾ ਵਾਧਾ ਕਰੀਬ 30.9 ਫ਼ੀਸਦੀ ‘ਤੇ ਪਹੁੰਚ ਗਿਆ ਹੈ। ਹਾਲਾਂਕਿ ਬੈਂਕ ਆਫ਼ ਕੈਨੇਡਾ ਵਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਸ ਵਲੋਂ ਕੀਮਤਾਂ ਦੇ ਦਬਾਅ ਨੂੰ ਘੱਟ ਕਰਨ ਦੇ ਉਦੇਸ਼ ਨਾਲ ਵਿਆਜ ਦਰਾਂ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਪਰ ਇਸ ਸਭ ਦਾ ਅਸਰ ਅਜੇ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਹੈ ਅਤੇ ਕੈਨੇਡੀਅਨ ਅਜੇ ਵੀ ਮਹਿੰਗਾਈ ਦੀ ਮਾਰ ਹੇਠ ਹੀ ਜੀ ਰਹੇ ਹਨ।