ਬਾਰਡਰ ਅਧਿਕਾਰੀਆਂ ਨੇ ਟਰੱਕ ’ਚੋਂ ਜ਼ਬਤ ਕੀਤੀ 6 ਮਿਲੀਅਨ ਕੋਕੇਨ, ਚਾਲਕ ਗਿ੍ਰਫ਼ਤਾਰ

Winnipeg – ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (ਸੀ. ਬੀ. ਐਸ. ਏ.) ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਮੈਨੀਟੋਬਾ ਸਰਹੱਦ ਨੂੰ ਪਾਰ ਕਰਨ ਵਾਲੇ ਇਕ ਵਪਾਰਕ ਟਰੱਕ ’ਚੋਂ 60 ਕਿਲੋ ਤੋਂ ਵੱਧ ਕੋਕੇਨ ਬਰਾਮਦ ਕੀਤੀ ਹੈ। ਇਸ ਬਾਰੇ ’ਚ ਸੀ. ਬੀ. ਐਸ. ਏ. ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬੀਤੀ 14 ਜੁਲਾਈ ਨੂੰ ਦੱਖਣੀ ਮੈਨੀਟੋਬਾ ’ਚ ਐਮਰਸਨ ਵਿਖੇ ਸਰਹੱਦ ਪਾਰ ਕਰ ਰਹੇ ਇੱਕ ਟਰੱਕ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ’ਚੋਂ ਉਨ੍ਹਾਂ ਨੂੰ 63 ਕਿਲੋ ਤੋਂ ਵੱਧ ਕੋਕੇਨ ਬਰਾਮਦ ਹੋਈ। ਏਜੰਸੀ ਨੇ ਇਸ ਕੋਕੇਨ ਨੂੰ ਡਰੱਗ ਡਿਕੈਟਟਿੰਗ ਕੁੱਤਿਆਂ ਦੀ ਮਦਦ ਨਾਲ ਲੱਭਿਆ ਗਿਆ, ਜਿਹੜੀ ਕਿ ਮੱਕੀ ਦੀ ਖੇਪ ’ਚ ਲੁਕਾ ਕੇ ਰੱਖੀ ਗਈ ਸੀ। ਸੀ. ਬੀ. ਐਸ. ਏ. ਦੇ ਡਾਇਰੈਕਟਰ, ਰੋਸੇਲ ਲਾਪੋਇੰਟੇ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ’ਚ ਮੈਨੀਟੋਬਾ ਵਿਖੇ ਏਜੰਸੀ ਵਲੋਂ ਕੋਕੇਨ ਦੀ ਕੀਤੀ ਗਈ ਇਹ ਸਭ ਤੋਂ ਵੱਡੀ ਜ਼ਬਤੀ ਹੈ। ਉਨ੍ਹਾਂ ਕਿਹਾ ਕਿ ਫੜੀ ਗਈ ਕੋਕੇਨ ਦਾ ਬਾਜ਼ਾਰ ’ਚ ਮੁੱਲ ਕਰੀਬ 6 ਮਿਲੀਅਨ ਡਾਲਰ ਹੋਵੇਗਾ।
ਉੱਧਰ ਇਸ ਪੂਰੇ ਮਾਮਲੇ ਦੇ ਸਬੰਧ ’ਚ ਪੁਲਿਸ ਨੇ 31 ਸਾਲਾ ਟਰੱਕ ਚਾਲਕ ਨੂੰ ਮੌਕੇ ਤੋਂ ਗਿ੍ਰਫ਼ਤਾਰ ਕਰ ਲਿਆ, ਜਿਸ ਦੀ ਪਚਿਚਾਣ ਵਰਿੰਦਰ ਕੌਸ਼ਿਕ ਦੇ ਰੂਪ ’ਚ ਹੋਈ ਹੈ। ਉਹ ਵਿਨੀਪੈਗ ਦਾ ਰਹਿਣਾ ਵਾਲਾ ਹੈ ਅਤੇ ਉਸ ਵਿਰੁੱਧ ਨਸ਼ੀਲਾ ਪਦਾਰਥ ਲਿਆਉਣ ਅਤੇ ਨਸ਼ੇ ਦੀ ਤਸਕਰੀ ਕਰਨ ਦੇ ਦੋਸ਼ ਲੱਗੇ ਹਨ। ਬੀਤੀ 19 ਜੁਲਾਈ ਨੂੰ ਉਸ ਦੀ ਅਦਾਲਤ ’ਚ ਪੇਸ਼ੀ ਹੋਈ ਅਤੇ ਕੁਝ ਖ਼ਾਸ ਸ਼ਰਤਾਂ ’ਤੇ ਉਸ ਨੂੰ ਰਿਹਾਅ ਕੀਤਾ ਗਿਆ ਹੈ।