ਕੰਪਿਊਟਰ, ਪਲੇ ਸਟੇਸ਼ਨ, ਗੇਮਾਂ ਲੈਣ ਲਈ ਨਿਊਯਾਰਕ ਦੀਆਂ ਸੜਕਾਂ ’ਤੇ ਉਮੜਿਆ ਜਨ ਸੈਲਾਬ

New York- ਨਿਊਯਾਰਕ ਦੇ ਯੂਨੀਅਨ ਸਕੁਐਰ ’ਤੇ ਕੰਪਿਊਟਰ, ਪਲੇਸਟੇਸ਼ਨ, ਗੇਮਾਂ ਅਤੇ ਹੋਰ ਸਮਾਨ ਲੈਣ ਲਈ ਅੱਜ ਭਾਰੀ ਜਨ ਸੈਲਾਬ ਉਮੜ ਆਇਆ, ਜਿਸ ਮਗਰੋਂ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ। ਇਸ ਇਕੱਠ ਦੌਰਾਨ ਹੋਈਆਂ ਹਿੰਸਕ ਕਾਰਵਾਈਆਂ ’ਚ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਵੀ ਹੋਏ ਹਨ।
ਅਸਲ ’ਚ ਬੀਤੇ ਬੁੱਧਵਾਰ ਨੂੰ ਇੱਕ ਟਵਿੱਚ ਸਟ੍ਰੀਮ ਦੌਰਾਨ ਸੋਸ਼ਲ ਮੀਡੀਆ ਪ੍ਰਭਾਵਕਾਰ ਕਾਈ ਸੇਨੇਟ ਨੇ ਕਿਹਾ ਸੀ ਕਿ ਉਹ ਸ਼ੁੱਕਰਵਾਰ ਸ਼ਾਮੀਂ 4 ਵਜੇ ਯੂਨੀਅਨ ਸਕੁਐਰ ’ਤੇ ਇੱਕ ‘ਵਿਸ਼ਾਲ ਗਿਵਅਵੇ (Huge Giveaway)’ ਦੀ ਮੇਜ਼ਬਾਨੀ ਕਰੇਗਾ। ਉਸ ਨੇ ਸਟ੍ਰੀਮ ਦੌਰਾਨ ਐਲਾਨ ਕੀਤਾ ਉਹ ਯੂਨੀਅਨ ਸਕੁਐਰ ਪਾਰਕ ’ਚ ਇੱਕ ਟਰੱਕ ਤੋਂ ਕੰਪਿਊਟਰ, ਪਲੇ ਸਟੇਸ਼ਨ 5ਐਸ. ਮਾਈਕ੍ਰੋਫੋਨ, ਕੀਬੋਰਡ, ਵੈੱਬਗੇਮ, ਗੇਮਿੰਗ ਕੁਰਸੀਆਂ, ਹੈੱਡਫੋਨ ਅਤੇ ਗਿਫ਼ਟਕਾਰਡ ਦੇਵੇਗਾ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਨਿਊਯਾਰਕ ਅਸਲ ’ਚ ਇਸ ਦਾ ਹੱਕਦਾਰ ਹੈ। ਸੇਨੇਟ ਦੇ ਯੂ-ਟਿਊਬ ’ਤੇ 4 ਮਿਲੀਅਨ ਤੋਂ ਵੱਧ, ਇੰਸਟਾਗ੍ਰਾਮ ’ਤੇ 5 ਮਿਲੀਅਨ ਤੋਂ ਵੱਧ ਅਤੇ ਟਵਿੱਚ ’ਤੇ 6.5 ਮਿਲੀਅਨ ਤੋਂ ਵੱਧ ਫਾਲੋਅਰ ਹਨ।
ਇਸ ਐਲਾਨ ਤੋਂ ਬਾਅਦ ਅੱਜ ਦੁਪਹਿਰ ਤਿੰਨ ਵਜੇ ਤੋਂ ਹੀ ਹਜ਼ਾਰਾਂ ਦੀ ਗਿਣਤੀ ’ਚ ਲੋਕ ਯੂਨੀਅਨ ਸਕੁਐਰ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਨਿਊਯਾਰਕ ਪੁਲਿਸ ਮੁਖੀ ਜੈਫਰੀ ਮੈਡਰੀ ਨੇ ਕਿਹਾ ਕਿ ਜਲਦ ਹੀ ਪਾਰਕ ਅਤੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਜਨ ਸੈਲਾਬ ਉਮੜ ਆਇਆ, ਜਿਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਜਦੋਂ ਭੀੜ ਹੋਰ ਵੱਧ ਗਈ ਤਾਂ ਪਾਰਕ ’ਚ ਮੌਜੂਦ ਲੋਕ ਪੁਲਿਸ ਅਤੇ ਆਮ ਜਨਤਾ ਪ੍ਰਤੀ ਹਿੰਸਕ ਵਾਰਦਾਤਾਂ ਕਰਨ ਲੱਗ ਪਏ। ਇੰਨਾ ਹੀ ਨਹੀਂ, ਕੁਝ ਲੋਕ ਤਾਂ ਨੇੜੇ ਉਸਾਰੀ ਵਾਲੀ ਥਾਂ ਤੋਂ ਸਮਾਨ ਚੁੱਕ ਲਿਆਏ। ਮੈਡਰੀ ਨੇ ਕਿਹਾ, ‘‘ਤੁਹਾਡੇ ਕੋਲ ਲੋਕ ਬੇਲਚੀਆਂ, ਕੁਹਾੜੀਆਂ ਅਤੇ ਉਸਾਰੀ ਦੇ ਹੋਰ ਸੰਦਾਂ ਨਾਲ ਘੁੰਮ ਰਹੇ ਸਨ। ਕੁਝ ਲੋਕ ਪਟਾਕੇ ਚਲਾ ਕੇ ਇੱਕ-ਦੂਜੇ ਵੱਲ ਅਤੇ ਪੁਲਿਸ ਵੱਲ ਸੁੱਟ ਰਹੇ ਸਨ।’’ ਉਨ੍ਹਾਂ ਦੱਸਿਆ ਕਿ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਸੇਨੇਟ ਨੂੰ ਪੁਲਿਸ ਨੇ ਮੌਕੇ ਤੋਂ ਪਰ੍ਹਾਂ ਕਰ ਦਿੱਤਾ। ਮੈਡਰੀ ਮੁਤਾਬਕ ਕਾਈ ਸੇਨੇਟ ਨੇ ਇਕੱਠ ਕਰਨ ਲਈ ਪੁਲਿਸ ਕੋਲੋਂ ਕੋਈ ਇਜਾਜ਼ਤ ਨਹੀਂ ਲਈ ਸੀ, ਜਿਸ ਕਾਰਨ ਇਸ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ ਗਿਆ ਅਤੇ ਯੂਨੀਅਨ ਸਕੁਐਰ ’ਤੇ ਹਜ਼ਾਰਾਂ ਲੋਕਾਂ ਨੂੰ ਇਕੱਠੇ ਕਰਕੇ ਦੰਗੇ ਭੜਕਾਉਣ ਦੇ ਦੋਸ਼ਾਂ ਤਹਿਤ ਉਸ ਨੂੰ ਪੁਲਿਸ ਨੇ ਹਿਰਾਸਤ ਲੈ ਲਿਆ।