ਦਸੂਹਾ ਤੇ ਬਰਨਾਲਾ ਦੀਆਂ ਧੀਆਂ ਬਣੀਆਂ ਜੱਜ- ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੀ ਪ੍ਰੀਖਿਆ ’ਚ ਚਮਕਾਇਆ ਮਾਪਿਆਂ ਤੇ ਸੂਬੇ ਦਾ ਨਾਂ

ਦਸੂਹਾ/ਬਰਨਾਲਾ: ਦਸੂਹਾ ਅਧੀਨ ਆਉਂਦੇ ਪਿੰਡ ਖੋਖਰ ਵਿਖੇ ਮਨਜੋਤ ਕੌਰ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨੇ ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੀ ਪ੍ਰੀਖਿਆ ਜਨਰਲ ਸ਼੍ਰੇਣੀ ਵਿੱਚ 38ਵਾਂ ਰੈਂਕ ਹਾਸਲ ਕਰਕੇ ਆਪਣੇ ਮਾਤਾ ਪਿਤਾ, ਪਿੰਡ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।

ਇਸ ਮੌਕੇ ਮਨਜੋਤ ਕੌਰ ਨੇ ਕਿਹਾ ਕਿ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਉਸ ਨੇ ਹਰਿਆਣਾ ਨਿਆਇਕ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਸੀ ਜਿਸ ’ਚ ਅਸਫ਼ਲ ਰਹੀ ਪਰ ਆਪਣੀ ਮਿਹਨਤ ਜਾਰੀ ਰੱਖੀ ਜਿਸ ਦੇ ਚੱਲਦਿਆਂ ਅੱਜ ਉਹ ਪ੍ਰੀਖਿਆ ਵਿੱਚੋ ਪਾਸ ਹੋ ਗਈ ਹੈ ਤੇ 38ਵਾਂ ਸਥਾਨ ਹਾਸਲ ਕੀਤਾ ਹੈ। ਉਸ ਨੇ ਕਿਹਾ ਮਿਹਨਤ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਉਸ ਨੇ ਕਿਹਾ ਜਿਹਡ਼ੇ ਇਨਸਾਨ ਧੀਆਂ ਨੂੰ ਮਾਡ਼ਾ ਅਤੇ ਕਮਜ਼ੋਰ ਸਮਝਦੇ ਹਨ, ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ ਕਿਉਂਕਿ ਅੱਜ ਲਡ਼ਕੀਆਂ ਕਿਸੇ ਵੀ ਕੰਮ ’ਚ ਲਡ਼ਕਿਆਂ ਤੋਂ ਪਿੱਛੇ ਨਹੀਂ ਹਨ।

ਓਧਰ ਇਸੇ ਪ੍ਰੀਖਿਆ ’ਚ ਬਰਨਾਲਾ ਦੀ ਰਹਿਣ ਵਾਲੀ 25 ਸਾਲਾ ਦੀਪਾਲੀ ਸਿੰਗਲਾ ਨੇ ਚੌਥਾ ਰੈਂਕ ਹਾਸਲ ਕੀਤਾ ਹੈ। ਬਰਨਾਲਾ ਦੇ ਮਹੇਸ਼ ਨਗਰ ਦੀ ਰਹਿਣ ਵਾਲੀ ਦੀਪਾਲੀ ਸਿੰਗਲਾ ਦੇ ਕਾਰੋਬਾਰੀ ਪਿਤਾ ਪ੍ਰਦੀਪ ਸਿੰਗਲਾ ਤੇ ਮਾਤਾ ਰਿਤੂ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ’ਤੇ ਮਾਣ ਹੈ। ਇਸ ਘੱਟ ਉਮਰ ’ਚ ਉਸ ਨੇ ਜੱਜ ਬਣ ਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੀ ਧੀ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਵੀ ਖੇਤਰ ’ਚ ਪੁੱਤਰਾਂ ਤੋਂ ਘੱਟ ਨਹੀਂ ਹਨ।

ਇਸ ਮੌਕੇ ਦੀਪਾਲੀ ਸਿੰਗਲਾ ਨੇ ਦੱਸਿਆ ਕਿ ਉਸ ਨੇ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ। ਛੇ ਸਾਲਾਂ ਤੋਂ ਉਹ ਕਿਸੇ ਤਰ੍ਹਾਂ ਵੀ ਸੋਸ਼ਲ ਸਮਾਗਮਾਂ ਵਿਚ ਨਹੀਂ ਗਈ। ਇਸ ਦੇ ਨਾਲ ਹੀ ਇੰਟਰਨੈੱਟ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੀ ਤੇ ਦਿਨ ਵਿਚ 18 ਘੰਟੇ ਪਡ਼੍ਹਾਈ ਕੀਤੀ। ਪਡ਼੍ਹਾਈ ਤੋਂ ਇਲਾਵਾ ਉਸ ਨੂੰ ਗਲਾਸ ਪੇਂਟਿੰਗ ਦਾ ਵੀ ਸ਼ੌਕ ਹੈ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਪਿਤਾ ਪ੍ਰਦੀਪ ਸਿੰਗਲਾ ਨੂੰ ਦਿੱਤਾ।