ਮੁੱਖ ਮੰਤਰੀ ਵੱਲੋਂ ਬੰਗਾ ਲਈ 132 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ

ਬੰਗਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੰਗਾ ਵਿਧਾਨ ਸਭਾ ਹਲਕੇ ਦੇ ਵਿਕਾਸ ਨੂੰ ਬੇਮਿਸਾਲ ਹੁਲਾਰਾ ਦਿੰਦਿਆਂ ਅੱਜ ਹਲਕੇ ਲਈ ਸਰਕਾਰੀ ਕਾਲਜ ਅਤੇ ਸੰਗਠਿਤ ਖੇਡ ਸਟੇਡੀਅਮ ਸਮੇਤ 132 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਅੱਜ ਇੱਥੇ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਇਲਾਕੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਗ੍ਰਾਂਟਾਂ ਦਾ ਐਲਾਨ ਕੀਤਾ।

ਇਨ੍ਹਾਂ ਗ੍ਰਾਂਟਾਂ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਬੀ.ਆਰ.ਅੰਬੇਦਕਰ ਜੀ ਦੇ ਨਾਮ ’ਤੇ ਪਿੰਡ ਸਰਹਾਲਾ ਰਾਣੂਆ ਵਿਚ ਸਰਕਾਰੀ ਡਿਗਰੀ ਕਾਲਜ ਦੀ ਉਸਾਰੀ ਲਈ 15 ਕਰੋੜ ਰੁਪਏ ਸ਼ਾਮਲ ਹਨ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਡਿਗਰੀ ਕਾਲਜ ਵਿਦਿਆਰਥੀਆਂ, ਵਿਸ਼ੇਸ਼ ਤੌਰ ‘ਤੇ ਕਮਜ਼ੋਰ ਅਤੇ ਪਛੜੇ ਵਰਗਾਂ ਨਾਲ ਸਬੰਧਤ, ਨੂੰ ਸਸਤੀ ਅਤੇ ਮਿਆਰੀ ਉੱਚ ਸਿੱਖਿਆ ਪ੍ਰਦਾਨ ਕਰਨ ਵਿਚ ਸਹਾਈ ਸਿੱਧ ਹੋਵੇਗਾ।

ਇਸੇ ਤਰ੍ਹਾਂ ਮੁੱਖ ਮੰਤਰੀ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਏਕੀਕ੍ਰਿਤ ਮਾਡਲ ਸਪੋਰਟਸ ਸਟੇਡੀਅਮ ਦੀ ਉਸਾਰੀ ਲਈ 12 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

ਉਨ੍ਹਾਂ ਕਿਹਾ ਕਿ ਅਤਿ ਆਧੁਨਿਕ ਸਟੇਡੀਅਮ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਕਰਨ ਅਤੇ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਪ੍ਰਸਾਰਿਤ ਕਰਨ ਲਈ ਪ੍ਰੇਰਕ ਵਜੋਂ ਕੰਮ ਕਰੇਗਾ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਾਨ ਸ਼ਹੀਦ ਨੂੰ ਇਹ ਨਿਮਰ ਸ਼ਰਧਾਂਜਲੀ ਹੋਵੇਗੀ। ਮੁੱਖ ਮੰਤਰੀ ਨੇ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲਗਭਗ 30 ਕਰੋੜ ਰੁਪਏ, ਬੰਗਾ ਸ਼ਹਿਰ ਵਿਚ ਵੱਖ-ਵੱਖ ਕੰਮਾਂ ਲਈ 2. 50 ਕਰੋੜ ਰੁਪਏ, ਬੰਗਾ ਵਿਖੇ ਫਾਇਰ ਸਟੇਸ਼ਨ ਬਣਾਉਣ ਲਈ ਇਕ ਕਰੋੜ ਰੁਪਏ, ਸੀ.ਐਚ.ਸੀ ਬੰਗਾ ਨੂੰ ਸਬ ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕਰਨ ਲਈ 10 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਤੋਂ ਇਲਾਵਾ ਪ੍ਰਾਇਮਰੀ ਹੈਲਥ ਸੈਂਟਰ ਔੜ ਨੂੰ ਕਮਿਊਨਿਟੀ ਹੈਲਥ ਸੈਂਟਰ ਵਜੋਂ ਅਪਗ੍ਰੇਡ ਕਰਨ ਲਈ 4 ਕਰੋੜ ਰੁਪਏ, ਬੰਗਾ ਅਤੇ ਔੜ ਬਲਾਕਾਂ ਵਿਚ ਨਵੀਆਂ ਲਿੰਕ ਸੜਕਾਂ ਬਣਾਉਣ ਲਈ 32 ਕਰੋੜ ਰੁਪਏ ਅਤੇ ਬੰਗਾ ਵਿਚ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਰਿਹਾਇਸ਼ ਲਈ 3.5 ਕਰੋੜ ਰੁਪਏ ਰੱਖੇ ਗਏ ਹਨ।

ਉਨ੍ਹਾਂ ਨੇ ਕੋਆਪ੍ਰੇਟਿਵ ਸੋਸਾਇਟੀਆਂ ਦੇ ਮੈਂਬਰਾਂ ਵੱਲ ਲੰਬਿਤ 25 ਕਰੋੜ ਰੁਪਏ ਦੇ ਬਕਾਏ ਮੁਆਫ ਕਰਨ ਸਬੰਧੀ ਮੰਤਰੀ ਮੰਡਲ ‘ ਚ ਮਾਮਲਾ ਵਿਚਾਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਚੰਨੀ ਨੇ ਬੰਗਾ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਬਲਾਕ ਔੜ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਦਾ ਵੀ ਐਲਾਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਮੁੱਖ ਮੰਤਰੀ ਵੱਲੋਂ ਜ਼ਿਲ੍ਹੇ ਲਈ ਗ੍ਰਾਂਟਾਂ ਦੀ ਵਰਖਾ ਕਰਨ ਲਈ ਸ਼ਲਾਘਾ ਕੀਤੀ। ਲੋਕਾਂ ਨਾਲ ਭਾਵਨਾਤਮਕ ਸਾਂਝ ਬਣਾਉਂਦੇ ਹੋਏ, ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਜਿਸ ਨੂੰ ਪਾਰ ਕਰਦਿਆਂ ਉਹ ਸਿਵਲ ਸੇਵਾਵਾਂ ਦਾ ਇਮਤਿਹਾਨ ਪਾਸ ਕਰਕੇ ਅੱਜ ਮੁੱਖ ਮੰਤਰੀ ਪੰਜਾਬ ਨਾਲ ਰਾਜ ਦੀ ਸੇਵਾ ਤੱਕ ਪੁੱਜੇ ਹਨ।

ਸ੍ਰੀ ਹੁਸਨ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਖਾਸ ਕਰਕੇ ਬੰਗਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਖਾਕਾ ਤਿਆਰ ਕਰ ਲਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਿੰਡ ਭਰੋ ਮਜਾਰਾ ਵਿੱਚ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਅਤੇ ਡੇਰਾ ਸੰਤ ਬਾਬਾ ਮੇਲਾ ਰਾਮ ਵਿਖੇ ਮੱਥਾ ਟੇਕਿਆ।

ਟੀਵੀ ਪੰਜਾਬ ਬਿਊਰੋ