ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ‘ਚ ਘਿਰੇ ਸਿਹਤ ਮੰਤਰੀ ਨੂੰ ਸੀ.ਐੱਮ ਮਾਨ ਨੇ ਕੀਤਾ ਬਾਹਰ

ਚੰਡੀਗੜ੍ਹ- ਪੰਜਾਬ ਦੀ ਸਿਆਸਤ ਚ ਅਸਲ ਬਦਲਾਅ ਦੀ ਸ਼ੁਰੂਆਤ ਹੋ ਗਈ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਹੋਇਆਂ ਆਪਣੀ ਹੀ ਪਾਰਟੀ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ । ਸਿਹਤ ਮੰਤਰੀ ਡਾ. ਸਿੰਗਲਾ ‘ਤੇ ਆਪਣੇ ਹੀ ਵਿਭਾਗ ਚ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲੱਗੇ ਹਨ ।ਸੀ.ਐੱਮ ਮਾਨ ਨੇ ਇਲਜ਼ਾਮ ਲੁਕਾਉਣ ਦੀ ਥਾਂ ਇਸ ਨੂੰ ਜਨਤਕ ਕਰਕੇ ਆਪਣਾ ਫੈਸਲਾ ਸੁਣਾਇਆ ਹੈ ।

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਵੀਡੀਓ ਚ ਦੱਸਿਆ ਗਿਆ ਕਿ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ‘ਤੇ ਇਲਜ਼ਾਮ ਸੀ ਕਿ ਉਹ ਆਪਣੇ ਵਿਭਾਗ ਦੇ ਟੈਂਡਰਾਂ ਅਤੇ ਹੋਰ ਖਰੀਦ ਫਰੋਖਤ ਨੂੰ ਲੈ ਕੇ ਇਕ ਪ੍ਰਤੀਸ਼ਤ ਕਮੀਸ਼ਨ ਦੀ ਮੰਗ ਕਰ ਰਹੇ ਹਨ । ਇਹ ਸ਼ਿਕਾਇਤ ਜਦੋਂ ਸੀ.ਐੱਮ ਕੋਲ ਪੁੱਜੀ ਤਾਂ ਉਨ੍ਹਾਂ ਇਸ ਬਾਬਤ ਡਾ. ਸਿੰਗਲਾ ਨਾਲ ਗੱਲਬਾਤ ਕੀਤੀ । ਮਾਨ ਮੁਤਾਬਿਕ ਸਿੰਗਲਾ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਹੈ ।ਮੁੱਖ ਮਤਰੀ ਭਗਵੰਤ ਮਾਨ ਨੇ ਫੋਰੀ ਕਾਰਵਾਈ ਕਰ ਆਪਣੇ ਸਿਹਤ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ । ਕੈਬਨਿਟ ਤੋਂ ਬਾਹਰ ਕਰਨ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਆਪਣੇ ਹੀ ਭ੍ਰਿਸ਼ਟਾਚਾਰੀ ਮੰਤਰੀ ਖਿਲਾਫ ਕਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ ।

ਡਾ. ਵਿਜੇ ਸਿੰਗਲਾ ਮਾਨਸਾ ਤੋਂ ‘ਆਪ’ ਦੇ ਵਿਧਾਇਕ ਹਨ । ਕਾਂਗਰਸੀ ਉਮੀਦਵਾਰ ਗਾਇਕ ਸਿੱਧੂ ਮੂਸੇਵਾਲਾ ਨੂੰ ਹਰਾ ਕੇ ਸਿੰਗਲਾ ਵਿਧਾਇਕ ਬਣੇ ਸਨ ।ਮਾਨਸਾ ਹਲਕੇ ਤੋਂ ਵਿਜੇ ਸਿੰਗਲਾ ਨੂੰ ਇਕ ਲੱਖ ਤੋਂ ਵੱਧ ਵੋਟ ਹਾਸਿਲ ਕੀਤੇ ਸਨ ।

ਇਸ ਕਾਰਵਾਈ ਦੇ ਨਾਲ ਹੀ ਮੁੱਖ ਮੰਤਰੀ ਨੇ ਆਪਣੇ ਸਾਰੇ ਮੰਤਰੀਆਂ ਦੇ ਨਾਲ ਨਾਲ ਅਫਸਰਾਂ ਨੂੰ ਵੀ ਭ੍ਰਿਸ਼ਟਾਚਾਰ ਸਬੰਧੀ ਚਿਤਾਵਨੀ ਦਿੱਤੀ ਹੈ ।