ਮਾਨਚੈਸਟਰ ਯੂਨਾਈਟਿਡ ਦੀ ਆਰਸੇਨਲ ‘ਤੇ 3-2 ਨਾਲ ਜਿੱਤ

ਲੰਡਨ : ਪੁਰਤਗਾਲ ਦੇ ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ‘ਚ ਆਰਸੇਨਲ ‘ਤੇ 3-2 ਨਾਲ ਰੋਮਾਂਚਕ ਜਿੱਤ ਦਰਜ ਕੀਤੀ।

ਰੋਨਾਲਡੋ ਨੇ ਇਸ ਦੌਰਾਨ ਚੋਟੀ ਦੇ ਪੱਧਰ ਦੇ ਮੁਕਾਬਲਿਆਂ ਵਿਚ ਆਪਣੇ 800 ਗੋਲ ਪੂਰੇ ਕੀਤੇ। ਰੋਨਾਲਡੋ ਨੇ ਮੈਚ ਦੇ 52ਵੇਂ ਮਿੰਟ ਵਿਚ ਗੋਲ ਕਰਕੇ ਕਲੱਬ ਅਤੇ ਦੇਸ਼ ਲਈ 800 ਗੋਲਾਂ ਦਾ ਅੰਕੜਾ ਪੂਰਾ ਕੀਤਾ।

ਉਸ ਨੇ ਫਿਰ 70ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਟੀਮ ਦੀ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਅਰਸੇਨਲ ਲਈ ਏਮਿਲ ਸਮਿਥ ਨੇ 14ਵੇਂ ਮਿੰਟ ਅਤੇ ਮਾਰਟਿਨ ਓਡੇਗਾਰਡ ਨੇ 54ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਮਾਨਚੈਸਟਰ ਯੂਨਾਈਟਿਡ ਲਈ ਬਰੂਨੋ ਫਰਨਾਂਡੀਜ਼ ਨੇ 44ਵੇਂ ਮਿੰਟ ਵਿਚ ਗੋਲ ਕੀਤੇ।

ਸ਼੍ਰੀਕਾਂਤ ਵਿਸ਼ਵ ਟੂਰ ਫਾਈਨਲਜ਼ ‘ਚੋਂ ਬਾਹਰ
ਬਾਲੀ : ਭਾਰਤ ਦਾ ਕਿਦਾਂਬੀ ਸ਼੍ਰੀਕਾਂਤ ਗਰੁੱਪ ਬੀ ਦਾ ਤੀਜਾ ਅਤੇ ਆਖਰੀ ਮੈਚ ਮਲੇਸ਼ੀਆ ਦੇ ਲੀ ਜੀ ਜਿਆ ਤੋਂ ਸਿੱਧੇ ਗੇਮਾਂ ਵਿਚ ਹਾਰ ਕੇ ਸੀਜ਼ਨ ਦੇ ਆਖ਼ਰੀ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਵਿਚੋਂ ਬਾਹਰ ਹੋ ਗਿਆ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਨੂੰ ਆਲ ਇੰਗਲੈਂਡ ਚੈਂਪੀਅਨ ਲੀ ਨੇ 37 ਮਿੰਟਾਂ ‘ਚ 21-19, 21. 14 ਨਾਲ ਹਰਾਇਆ।

ਸ਼੍ਰੇਅਸੀ ਸਿੰਘ ਨੇ ਮਹਿਲਾ ਟਰੈਪ ਦਾ ਖਿਤਾਬ ਜਿੱਤਿਆ
ਪਟਿਆਲਾ : ਬਿਹਾਰ ਦੀ ਸ਼੍ਰੇਅਸੀ ਸਿੰਘ ਨੇ ਇੱਥੇ 64ਵੀਂ ਰਾਸ਼ਟਰੀ ਸ਼ਾਟਗਨ ਚੈਂਪੀਅਨਸ਼ਿਪ ‘ਚ ਮਹਿਲਾ ਟਰੈਪ ਦਾ ਖਿਤਾਬ ਜਿੱਤ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।

ਸ਼੍ਰੇਅਸੀ ਨੇ ਲਗਾਤਾਰ ਦੂਜੇ ਸਾਲ ਇਸ ਈਵੈਂਟ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ। ਇਹ ਉਸ ਦਾ ਕੁੱਲ ਮਿਲਾ ਕੇ ਪੰਜਵਾਂ ਵਿਅਕਤੀਗਤ ਰਾਸ਼ਟਰੀ ਖਿਤਾਬ ਹੈ ਅਤੇ ਮਹਿਲਾ ਟਰੈਪ ਵਿਚ ਉਸਦਾ ਦੂਜਾ ਖਿਤਾਬ ਹੈ।

ਭਾਰਤੀ ਕ੍ਰਿਕਟ ਟੀਮ ਦੇ ਦੱਖਣੀ ਅਫਰੀਕਾ ਦੇ ਆਗਾਮੀ ਦੌਰੇ ਬਾਰੇ ਫੈਸਲਾ ਕੱਲ੍ਹ
ਕੋਲਕਾਤਾ : ਭਾਰਤੀ ਕ੍ਰਿਕਟ ਟੀਮ ਦੇ ਦੱਖਣੀ ਅਫਰੀਕਾ ਦੇ ਆਗਾਮੀ ਦੌਰੇ ਬਾਰੇ ਫੈਸਲਾ ਸ਼ਨਿਚਰਵਾਰ ਨੂੰ ਇੱਥੇ ਬੀਸੀਸੀਆਈ ਦੀ ਜਨਰਲ ਬਾਡੀ ਦੀ 90ਵੀਂ ਸਾਲਾਨਾ ਮੀਟਿੰਗ ਦੌਰਾਨ ਲਿਆ ਜਾਵੇਗਾ। ਵਰਨਣਯੋਗ ਹੈ ਕਿ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਫੈਲਾਅ ਦੇ ਮੱਦੇਨਜ਼ਰ ਭਾਰਤੀ ਟੀਮ ਦੇ ਦੌਰੇ ਬਾਰੇ ਹਾਲੇ ਸਥਿਤੀ ਸਪਸ਼ਟ ਨਹੀਂ ਹੈ।

ਟੀਵੀ ਪੰਜਾਬ ਬਿਊਰੋ