ਕੈਬਨਿਟ ਬੈਠਕ ‘ਚ ਮਾਨ ਸਰਕਾਰ ਦੇ ਵੱਡੇ ਫੈਸਲੇ , ਨੋਕਰੀਆਂ ਦਾ ਵੀ ਕੀਤਾ ਐਲਾਨ

ਚੰਡੀਗੜ੍ਹ- ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ ਹੋਈ ਕੈਬਨਿਟ ਬੈਠਕ ਚ ਨਵੇਂ ਫੈਸਲੇ ਲਏ ਹਨ ।ਜ਼ਿਆਦਾ ਚਰਚਾ 300 ਯੂਨਿਟ ਮੁਫਤ ਬਿਜਲੀ ਦੀ ਸੀ ਪਰ ਸੀ.ਐੱਮ ਭਗਵੰਤ ਮਾਨ ਨੇ ਖਜਾਨੇ ਦੀ ਚਿੰਤਾ ਕਰਦਿਆਂ ਹੋਇਆ ਨਵਾਂ ਸੋਧ ਐਕਟ ਪਾਸ ਕਰ ਸਰਕਾਰੀ ਨੌਕਰੀਆਂ ਦਾ ਵੀ ਪਿਟਾਰਾ ਖੋਲ ਦਿੱਤਾ ਹੈ ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਚ ਪੰਜਾਬ ਰੂਰਲ ਡਿਵੈਲਪਮੈਂਟ ਫੰਡ ਸੋਧ ਐਕਟ ਨੂੰ ਪਾਸ ਕੀਤਾ ਗਿਆ ਹੈ । ਇਸ ਸੋਧ ਰਾਹੀਂ ਸੂਬਾ ਸਰਕਾਰ ਪੇਂਡੂ ਵਿਕਾਸ ਦੇ ਪੈਸਿਆਂ ਨੂੰ ਖਰਚ ਸਕਦੀ ਹੈ । ਕੇਂਦਰ ਸਰਕਾਰ ਵਲੋਂ ਇਤਰਾਜ਼ ਜਤਾ ਕੇ ਰੂਰਲ ਡਿਵੈਲਪਮੈਂਟ ਦਾ ਫੰਡ ਰੋਕਿਆ ਹੋਇਆ ਸੀ । ਪੰਜਾਬ ਸਰਕਾਰ ਪਹਿਲਾਂ ਤੋਂ ਹੀ ਖਾਲੀ ਖਜਾਨੇ ਨਾਲ ਜੂਝ ਰਹੀ ਹੈ । ਆਮ ਆਦਮੀ ਪਾਰਟੀ ਦੇ ਸੱਤਾ ਚ ਆਉਂਦਿਆਂ ਹੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਨਾਲ ਖਜਾਨੇ ਨੂੰ ਭਰਨ ਦੀ ਵੀ ਚੁਣੌਤੀ ਹੈ । ਸੀ.ਐੱਮ ਮਾਨ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਆਪਣੀ ਮੁਲਾਕਾਤ ਦੌਰਾਨ ਇੱਕ ਲੱਖ ਕਰੋੜ ਦੇ ਪੈਕੇਜ ਦੀ ਮੰਗ ਕਰ ਚੁੱਕੇ ਹਨ ।

ਦੂਜਾ ਫੈਸਲਾ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੈ । ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਚ ਨੌਕਰੀਆਂ ਦੇਣ ਦੀ ਮੰਜ਼ੂਰੀ ਦਿੱਤੀ ਗਈ ਹੈ । ਸਰਕਾਰ ਨੇ 145 ਅਸਾਮੀਆਂ ਭਰਨ ਦਾ ਫੈਸਲਾ ਲਿਆ ਹੈ । ਜਿਸਨੂੰ ਇੱਕ ਸਾਲ ਦੇ ਅੰਦਰ ਪੂਰਾ ਕੀਤਾ ਜਾਵੇਗਾ । ਮੁਫਤ ਬਿਜਲੀ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਹਾਸਿਲ ਨਹੀਂ ਹੋ ਪਾਈ ਹੈ ।