ਭਗਵੰਤ ਮਾਨ ਨੇ ਪੂਰੀ ਕੀਤੀ ਗਾਰੰਟੀ ,300 ਯੂਨਿਟ ਮੁਫਤ ਬਿਜਲੀ ਦਾ ਕੀਤਾ ਐਲਾਨ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਮਹੀਨਾ ਪੂਰਾ ਹੁੰਦਿਆਂ ਹੀ ਜਨਤਾ ਨੂੰ ਕੀਤਾ ਵੱਡਾ ਵਾਅਦਾ ਨਿਭਾ ਦਿੱਤਾ ਹੈ । ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇੱਕ ਜੁਲਾਈ ਤੋਂ ਪੰਜਾਬ ਦੇ ਘਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ ।ਇਸਦੇ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਵਪਾਰਕ ਅਦਾਰਿਆਂ ਯਾਨੀ ਕਿ ਇੰਡਸਟ੍ਰੀਅਲ ਖੇਤਰ ਦੀਆਂ ਬਿਜਲੀ ਦਰਾਂ ਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ।ਖੇਤੀ ਸੈਕਟਰ ਚ ਦਿੱਤੀ ਜਾ ਰਹੀ ਕੋਈ ਸਹੂਲਤ ਚ ਵੀ ਕੋਈ ਕਟੌਤੀ ਨਹੀਂ ਕੀਤੀ ਜਾ ਰਹੀ ਹੈ ।

ਹੁਣ ਹਰੇਕ ਘਰ ਨੂੰ ਇੱਕ ਬਿੱਲ ਚ 600 ਯੂਨਿਟ ਬਿਜਲੀ ਮੁਫਤ ਮਿਲੇਗੀ ।ਪਰ 600 ਯੂਨਿਟ ਤੋਂ ਵੱਧ ਆਉਣ ‘ਤੇ ਜਨਰਲ ਵਰਗ ਨੂੰ ਸਾਰਾ ਬਿੱਲ ਦੇਣਾ ਪਵੇਗਾ ਜਦਕਿ ਐੱਸ.ਸੀ ਅਤੇ ਬੀ.ਸੀ ਵਰਗ ਨੂੰ ਸਿਰਫ ਉਪਰਲੀ ਯੂਨਿਟਾਂ ਦਾ ਹੀ ਬਿੱਲ ਅਦਾ ਕਰਨਾ ਪਵੇਗਾ ।

ਸੀ.ਐੱਮ ਮਾਨ ਨੇ ਕਿਹਾ ਕਿ ਪੰਜਾਬ ਸੂਬਾ ਬਿਜਲੀ ਆਪ ਬਨਾਉਂਦਾ ਹੈ ,ਫਿਰ ਵੀ ਇੱਥੇ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਸੀ ।ਸੀ.ਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਨਿਯਤ ਚੰਗੀ ਹੈ ।ਉਹ ਜਨਤਾ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਣਗੇ ।ਮਾਨ ਨੇ ਸਾਫ ਕੀਤਾ ਕਿ ਪੰਜਾਬ ਸਰਕਾਰ ਦੇ ਖਜਾਨੇ ਨੂੰ ਭਰਨ ਲਈ ਵੀ ਪੂਰੇ ਉਪਰਾਲੇ ਕੀਤੇ ਜਾਣਗੇ ।

ਸੀ.ਐੱਮ ਮਾਨ ਨੇ ਪੰਜਾਬ ਦੇ ਨੌਜਵਾਨਾ ਨੂੰ ਵਿਦੇਸ਼ ਛੱਡ ਕੇ ਪੰਜਾਬ ਚ ਹੀ ਕਾਰੋਬਾਰ ਅਤੇ ਨੌਕਰੀ ਕਰਨ ਦੀ ਅਪੀਲ ਕੀਤੀ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਚ ਕਾਰੋਬਾਰ ਲਗਾਉਣ ਲਈ ਵਿਦੇਸ਼ਾਂ ਚੋਂ ਕਈ ਪੰਜਾਬੀਆਂ ਦੇ ਫੋਨ ਆ ਰਹੇ ਨੇ ।ਆਉਣ ਵਾਲੇ ਸਮੇਂ ਚ ਪੰਜਾਬ ਚ ਰੁਜ਼ਗਾਰ ਦੇ ਸਾਧਨ ਵਧਾਏ ਜਾਣਗੇ ।