ਗੁਜਰਾਤੀਆਂ ਨੂੰ ਪਸੰਦ ਹੈ ਕੇਜਰੀਵਾਲ ਦਾ ‘ਨਵਾਂ ਇੰਜਨ’, ਭਾਜਪਾ ਦੀ ਡਬਲ ਇੰਜਨ ਸਰਕਾਰ ਤੋਂ ਚੁੱਕਿਆ ਮੋਹ- ਸੀ.ਐੱਮ ਮਾਨ

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੁਜਰਾਤ ਦੇ ਲੋਕ ਭਾਜਪਾ ਦਾ ਡਬਲ ਇੰਜਨ ਨਹੀਂ ਸਗੋਂ ਅਰਵਿੰਦ ਕੇਜਰੀਵਾਲ ਦੀ ‘ਨਵੇਂ ਇੰਜਨ’ ਵਾਲੀ ਸਰਕਾਰ ਚਾਹੁੰਦੇ ਹਨ। ਭਾਜਪਾ ਦੇ ਦੋਵੇਂ ਇੰਜਨ ਕਰੀਬ 40-50 ਵਰ੍ਹੇ ਪੁਰਾਣੇ ਹਨ।

ਗੁਜਰਾਤ ਦੇ ਬਾਰਡੋਲੀ ਖੇਤਰ ਵਿਚ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਤਬਦੀਲੀ ਦੀ ਲਹਿਰ ਚੱਲ ਰਹੀ ਹੈ। ਗੁਜਰਾਤ ਦੇ ਲੋਕ ਸੂਬੇ ਦੇ ਵਿਕਾਸ ਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ‘ਆਪ’ ਨੂੰ ਮੌਕਾ ਦੇਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਸਰਕਾਰ ਬਣ ਗਈ ਤਾਂ ‘ਆਪ’ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਜਨਤਾ ਦੇ ਪੈਸੇ ਲੁੱਟ ਕੇ ਆਪਣੀ ਜੇਬ ਭਰਨ ਵਾਲੇ ਸਾਰੇ ਭ੍ਰਿਸ਼ਟ ਆਗੂਆਂ ’ਤੇ ਕਾਰਵਾਈ ਕੀਤੀ ਜਾਵੇਗੀ। ਜਨਤਾ ਦੇ ਪੈਸੇ ਲੁੱਟ ਕੇ ਤਿਜੌਰੀਆਂ ਭਰਨ ਵਾਲੇ ਸਿਆਸਤਦਾਨਾਂ ’ਤੇ ਕਾਰਵਾਈ ਅੱਟਲ ਹੈ। ਉਨ੍ਹਾਂ ਅੱਗੇ ਕਿਹਾ ਕਿ ਰੋਡ ਸ਼ੋਅ ਵਿਚ ਲੋਕਾਂ ਦੀ ਜਬਰਦਸਤ ਭੀਡ਼ ਇਸ ਗੱਲ ਦਾ ਸਬੂਤ ਜਾਪਦੀ ਹੈ ਕਿ ਗੁਜਰਾਤ ਦੇ ਲੋਕ ਦਿੱਲੀ ਤੇ ਪੰਜਾਬ ਦੇ ਲੋਕਾਂ ਵਾਂਗ ਕੁਝ ਨਵਾਂ ਕਰਨਗੇ। ਲੰਘੇ 27 ਸਾਲਾਂ ਤੋਂ ਗੁਜਰਾਤ ਦੀ ਸੱਤਾ ’ਤੇ ਕਾਬਜ਼ ਭਾਜਪਾ ਦੇ ਸਿਆਸੀ ਕਿਲ੍ਹੇ ਨੂੰ ਇਸ ਵਾਰ ਜਨਤਾ ਢਾਹ ਦੇਵੇਗੀ।

ਮਾਨ ਨੇ ਅੱਗੇ ਕਿਹਾ ਕਿ ਹੋਰ ਬਦਲ ਨਾ ਹੋਣ ਕਾਰਨ ਦਹਾਕਿਆਂ ਤੋਂ ਲੋਕ ਗੁਜਰਾਤ ਵਿਚ ਭਾਜਪਾ ਦੀ ਸਰਕਾਰ ਬਣਾ ਰਹੇ ਸਨ। ਆਮ ਲੋਕ ਤਾਂ ਸਿੱਖਿਆ ਤੇ ਸਿਹਤ ਵਰਗੇ ਬੁਨਿਆਦੀ ਮਸਲਿਆਂ ਤੋਂ ਪੀਡ਼ਤ ਹਨ ਪਰ ਹੁਣ ਭਾਜਪਾ ਨੂੰ ਸਬਕ ਸਿਖਾਉਣ ਲਈ ਮਨ ਬਣਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਝਾਡ਼ੂ ਨਾਲ ਗੁਜਰਾਤ ਸਮੇਤ ਹਰ ਸੂਬੇ ਵਿੱਚੋਂ ਸਿਆਸੀ ਗੰਦਗੀ ਨੂੰ ਸਾਫ਼ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲਡ਼ਾਈ ਕੋਈ ਕਾਂਗਰਸ ਜਾਂ ਭਾਜਪਾ ਨਾਲ ਨਹੀਂ ਹੈ ਸਗੋਂ ਸਾਡੀ ਲਡ਼ਾਈ ਤਾਂ ਬੇਰੁਜ਼ਗਾਰੀ, ਨਾ-ਇਨਸਾਫ਼ੀ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ।