ਕਾਨੂੰਨੀ ਹੱਕਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ

ਲੁਧਿਆਣਾ : ਅੱਜ ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਲੁਧਿਆਣਾ ਜ਼ਿਲੇ ਦੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ।

ਇਹ ਸੈਮੀਨਾਰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਦੇ ਸੰਬੰਧ ਵਿਚ ਆਮ ਜਨਤਾ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਦਾ ਇਕ ਹਿੱਸਾ ਸੀ। ਇਸ ਸੈਮੀਨਾਰ ਵਿਚ ਮੁੱਖ ਸੈਸ਼ਨ ਜੱਜ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਸ. ਪ੍ਰਭਜੋਤ ਸਿੰਘ ਕਾਲੇਕਾ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ ।

ਸ. ਕਾਲੇਕਾ ਨੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਚੋਣਵੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ । ਉਹਨਾਂ ਕਿਹਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਲੋਕਾਂ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਜਾਣੂੰ ਕਰਨਾ ਇਸ ਮੁਹਿੰਮ ਦਾ ਮੰਤਵ ਹੈ ।

ਸ. ਕਾਲੇਕਾ ਨੇ ਕਾਨੂੰਨੀ ਵਿਵਸਥਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸੰਵਿਧਾਨ ਦੀ ਭਾਵਨਾ ਅਨੁਸਾਰ ਸਭ ਲਈ ਇਨਸਾਫ ਅਤੇ ਹੱਕਾਂ ਦੀ ਰਾਖੀ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਤੱਕ ਇਨਸਾਫ ਨੂੰ ਲੈ ਕੇ ਜਾਣਾ ਸੰਵਿਧਾਨ ਦਾ ਮੁੱਖ ਮੰਤਵ ਹੈ।

ਇਸ ਲਈ ਮੁਫਤ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਪ ਮੰਡਲ ਪੱਧਰ, ਜ਼ਿਲਾ ਪੱਧਰ, ਹਾਈਕੋਰਟ ਜਾਂ ਸੁਪਰੀਮ ਕੋਰਟ ਵਿਚ ਦੀਵਾਨੀ, ਫੌਜਦਾਰੀ ਅਤੇ ਹੋਰ ਮਸਲ਼ਿਆਂ ਬਾਰੇ ਕਾਨੂੰਨੀ ਮਸ਼ਵਰਾ ਅਤੇ ਕਾਨੂੰਨੀ ਸਹਾਇਤਾ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।

ਇਸਲਈ ਲੋਕ ਅਦਾਲਤਾਂ ਅਤੇ ਵਿਚੋਲਗਿਰੀ ਦੀ ਧਿਰ ਦੀ ਸਹੂਲਤ ਹੈ। ਇਸ ਵਿਵਸਥਾ ਦਾ ਉਦੇਸ਼ ਸੌਖੇ ਤਰੀਕੇ ਨਾਲ ਲੋਕਾਂ ਤੱਕ ਇਨਸਾਫ ਨੂੰ ਪਹੁੰਚਾਉਣਾ ਹੈ। ਸ. ਕਾਲੇਕਾ ਨੇ ਇਸ ਸੰਬੰਧ ਵਿਚ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਪੀ.ਏ.ਯੂ. ਦੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਸ. ਕਾਲੇਕਾ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕਈ ਵਾਰ ਪੜੇ ਲਿਖੇ ਹੋਣ ਦੇ ਬਾਵਜੂਦ ਲੋਕਾਂ ਵਿਚ ਆਪਣੇ ਹੱਕਾਂ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕਤਾ ਨਾਮਾਤਰ ਹੀ ਹੁੰਦੀ ਹੈ।

ਇਸ ਸੈਮੀਨਾਰ ਰਾਹੀਂ ਕਾਨੂੰਨ ਨਾਲ ਵਾਕਫੀ ਹੋਰ ਗੂੜੀ ਹੋ ਸਕੇਗੀ। ਡਾ. ਸ਼ੰਮੀ ਕਪੂਰ ਨੇ ਗੁਲਦਸਤੇ ਨਾਲ ਸ. ਕਾਲੇਕਾ ਦਾ ਸਵਾਗਤ ਕੀਤਾ ਅਤੇ ਪੀ.ਏ.ਯੂ. ਸੰਬੰਧੀ ਮੁੱਢਲੀ ਵਾਕਫੀ ਵੀ ਉਹਨਾਂ ਨੂੰ ਦਿੱਤੀ।

ਡਾ. ਵਿਸ਼ਾਲ ਬੈਕਟਰ ਨੇ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿਚ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਤੋਂ ਡੀਨ, ਮੁਖੀ, ਅਧਿਆਪਕ, ਵਿਦਿਆਰਥੀ ਅਤੇ ਹੋਰ ਅਮਲਾ ਹਾਜ਼ਰ ਸੀ।

ਟੀਵੀ ਪੰਜਾਬ ਬਿਊਰੋ