Corona ਦੀ ਮੁੜ ਦਹਿਸ਼ਤ , ਕੇਂਦਰ ਨੇ ਵੀ ਸੂਬਿਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ

ਡੈਸਕ- ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਧਿਆਨ ‘ਚ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਕੁਝ ਇਹਤਿਆਤੀ ਉਪਾਅ ਕਰਨੇ ਜ਼ਰੂਰੀ ਹਨ ਤਾਂ ਜੋ ਇਸ ਵਾਇਰਸ ਦੇ ਫੈਲਣ ਦੇ ਖਤਰੇ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਕੀਤਾ ਜਾ ਸਕੇ।

ਕੇਂਦਰ ਨੇ ਸੋਮਵਾਰ (18 ਦਸੰਬਰ) ਨੂੰ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧੇ ਅਤੇ JN.1 ਵੇਰੀਐਂਟ ਦੇ ਪਹਿਲੇ ਕੇਸ ਦੀ ਪਛਾਣ ਦੇ ਮੱਦੇਨਜ਼ਰ ਰਾਜਾਂ ਨੂੰ ਇੱਕ ਸਲਾਹ ਜਾਰੀ ਕੀਤੀ। ਰਾਜਾਂ ਨੂੰ ਕੋਵਿਡ ਸਥਿਤੀ ‘ਤੇ ਨਿਰੰਤਰ ਨਿਗਰਾਨੀ ਰੱਖਣ ਦੀ ਬੇਨਤੀ ਕੀਤੀ ਗਈ ਹੈ।

ਉਧਰ, ਕਰਨਾਟਕ ਸਰਕਾਰ ਨੇ ਇੱਥੇ 60 ਸਾਲ ਤੋਂ ਵੱਧ ਉਮਰ ਦੇ ਅਜਿਹੇ ਲੋਕਾਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ, ਜੋ ਖੰਘ, ਬਲਗਮ ਅਤੇ ਬੁਖਾਰ ਸਣੇ ਹੋਰ ਬਿਮਾਰੀਆਂ ਤੋਂ ਪੀੜਤ ਹਨ। ਕਰਨਾਟਕ ਸਰਕਾਰ ਨੇ ਗੁਆਂਢੀ ਸੂਬੇ ਕੇਰਲਾ ਵਿੱਚ ਕੋਵਿਡ-19 ਦਾ ਸਬ-ਵੇਰੀਐਂਟ ਜੇਐੱਨ.1 ਦਾ ਇੱਕ ਮਾਮਲਾ ਸਾਹਮਣੇ ਆਉਣ ਮਗਰੋਂ ਇਹ ਕਦਮ ਚੁੱਕਿਆ ਹੈ। ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਕਿਹਾ ਕਿ ਅਧਿਕਾਰੀਆਂ ਨੂੰ ਅਜਿਹੇ ਲੱਛਣ ਵਾਲੇ ਲੋਕਾਂ ਅਤੇ ਸ਼ੱਕੀ ਮਾਮਲਿਆਂ ਦੀ ਜਾਂਚ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਆਵਾਜਾਈ ਅਤੇ ਉਨ੍ਹਾਂ ਇਕੱਠੇ ਹੋਣ ’ਤੇ ਹੁਣ ਕਿਸੇ ਤਰ੍ਹਾਂ ਦੀ ਪਾਬੰਦੀ ਦੀ ਲੋੜ ਨਹੀਂ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਇਸ ਸਬੰਧੀ ਇੱਕ ਐਡਵਾਈਜ਼ਰੀ ਜਾਰੀ ਕਰੇਗੀ। ਨਾਲ ਹੀ ਅਸੀਂ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਤਿਆਰ ਰਹਿਣ ਲਈ ਕਿਹਾ ਹੈ।

ਰਿਪੋਰਟਾਂ ਦੇ ਅਨੁਸਾਰ, ਕੋਵਿਡ -19 ਸਬ-ਵੇਰੀਐਂਟ ਜੇਐਨ.1 ਦਾ ਪਹਿਲਾ ਕੇਸ 8 ਦਸੰਬਰ ਨੂੰ ਕੇਰਲ ਵਿੱਚ ਸਾਹਮਣੇ ਆਇਆ ਸੀ। ਇੱਕ 79 ਸਾਲਾ ਔਰਤ ਇਸ ਨਾਲ ਸੰਕਰਮਿਤ ਪਾਈ ਗਈ ਸੀ। ਕੁਝ ਦਿਨ ਪਹਿਲਾਂ, ਸਿੰਗਾਪੁਰ ਵਿੱਚ ਇੱਕ ਭਾਰਤੀ ਯਾਤਰੀ ਵੀ JN.1 ਸਬ-ਵੇਰੀਐਂਟ ਨਾਲ ਸੰਕਰਮਿਤ ਪਾਇਆ ਗਿਆ ਸੀ।

ਇਸ ਤੋਂ ਪਹਿਲਾਂ ਸਿੰਗਾਪੁਰ ਤੋਂ ਪਰਤੇ ਤਾਮਿਲਨਾਡੂ ਦੇ ਇੱਕ ਵਿਅਕਤੀ ਵਿੱਚ ਵੀ ਜੇਐਨ.1 ਸਬ-ਵੇਰੀਐਂਟ ਪਾਇਆ ਗਿਆ ਸੀ। ਇਹ ਵਿਅਕਤੀ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ 25 ਅਕਤੂਬਰ ਨੂੰ ਸਿੰਗਾਪੁਰ ਗਿਆ ਸੀ।