ਵਿਸ਼ੇਸ਼ ਰਿਪੋਰਟ: ਲਾਕਡਾਊਨ ਅਤੇ ਕੋਰੋਨਾ ਦੇ ਭੈਅ ਕਾਰਨ 8 ਲੱਖ ਪ੍ਰਵਾਸੀਆਂ ਨੇ ਛੱਡੀ ਦਿੱਲੀ

ਟੀਵੀ ਪੰਜਾਬ ਬਿਊਰੋ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਮਹਾਮਾਰੀ ਕਾਰਨ ਲਗਾਏ ਗਏ ਲਾਕਡਾਊਨ ਨੇ ਵਪਾਰ ਕਾਰੋਬਾਰ ਅਤੇ ਮਿਹਨਤਕਸ਼ ਲੋਕਾਂ ਲਈ ਇਸ ਵਾਰ ਫਿਰ ਵੱਡਾ ਸੰਕਟ ਖੜਾ ਕਰ ਦਿੱਤਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ 4 ਹਫ਼ਤਿਆਂ ਦੌਰਾਨ 8 ਲੱਖ ਤੋਂ ਵੱਧ ਪ੍ਰਵਾਸੀ ਮਜਬੂਰਨ ਆਪਣੇ ਪਿੰਡਾਂ-ਥਾਵਾਂ ਨੂੰ ਰਵਾਨਾ ਹੋ ਗਏ ਹਨ। ਇਸੇ ਤਰ੍ਹਾਂ ਬੀਤੇ ਵਰ੍ਹੇ ਵੀ ਇਕ ਕਰੋੜ ਤੋਂ ਵਧੇਰੇ ਪਰਵਾਸੀ ਮਜ਼ਦੂਰਾਂ ਨੂੰ ਲਾਕਡਾਊਨ ਅਤੇ ਕਰੋਨਾ ਦੇ ਭੈਅ ਕਾਰਨ ਘਰਾਂ ਨੂੰ ਵਾਪਸੀ ਕਰਨੀ ਪਈ ਸੀ। ਬੀਤੇ ਵਰ੍ਹੇ ਕੇਂਦਰੀ ਰੋਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਵੱਲੋਂ ਸੰਸਦ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ 1.05 ਕਰੋੜ ਮਜ਼ਦੂਰ ਕੋਰੋਨਾ ਅਤੇ ਲਾਕਡਾਊਨ ਦੇ ਭੈਅ ਕਾਰਨ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਸਨ। ਸਰਕਾਰ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਦੇਸ਼ ਦੇ ਸਮੁੱਚੇ ਸੂਬਿਆਂ ਦੀ ਨਹੀਂ ਸੀ ਬਲਕਿ ਇਸ ਵਿੱਚ ਉੜੀਸਾ ਛੱਤੀਸਗੜ੍ਹ ਉੱਤਰਾਖੰਡ ਕਰਨਾਟਕ ਹਿਮਾਚਲ ਪ੍ਰਦੇਸ਼ ਦਿੱਲੀ ਅਤੇ ਗੋਆ ਸਮੇਤ ਹੋਰ ਕਈ ਸੂਬਿਆਂ ਦੇ ਅੰਕੜੇ ਸ਼ਾਮਲ ਨਹੀਂ ਸਨ।

ਬੀਤੇ ਵਰ੍ਹੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਬਾਅਦ, ਸਭ ਤੋਂ ਵੱਧ 13.85 ਲੱਖ ਪ੍ਰਵਾਸੀ ਮਜ਼ਦੂਰ ਪੱਛਮੀ ਬੰਗਾਲ ਵਿੱਚ ਆਪਣੇ ਘਰਾਂ ਨੂੰ ਪਰਤੇ ਸਨ। ਇਸ ਤੋਂ ਬਾਅਦ ਰਾਜਸਥਾਨ ਵਿਚ 13.08 ਲੱਖ ਪ੍ਰਵਾਸੀ ਮਜ਼ਦੂਰ ਕੋਰੋਨਾ ਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਆਪਣੇ ਘਰਾਂ ਨੂੰ ਪਰਤ ਗਏ ਸਨ ।
ਇਨ੍ਹਾਂ ਤੋਂ ਇਲਾਵਾ ਮੱਧ ਪ੍ਰਦੇਸ਼ ਦੇ 7.54 ਲੱਖ, ਝਾਰਖੰਡ ਦੇ 5.30 ਲੱਖ, ਪੰਜਾਬ ਦੇ 5.16 ਲੱਖ, ਅਸਾਮ ਦੇ 4.26 ਲੱਖ, ਕੇਰਲ ਦੇ 3.11 ਲੱਖ, ਮਹਾਰਾਸ਼ਟਰ ਦੇ 1.83 ਲੱਖ ਮਜ਼ਦੂਰ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਪਣੇ ਘਰਾਂ ਨੂੰ ਪਰਤ ਗਏ ਸਨ ।
ਇਸੇ ਤਰ੍ਹਾਂ 48,780 ਪ੍ਰਵਾਸੀ ਮਜ਼ਦੂਰ ਜੰਮੂ-ਕਸ਼ਮੀਰ, ਦਾਦਰ ਅਤੇ ਨਗਰ ਹਵੇਲੀ ਅਤੇ ਦਮਨ-ਦਿਉ ਤੋਂ 43,747 ਪ੍ਰਵਾਸੀ ਮਜ਼ਦੂਰ ਘਰਾਂ ਨੂੰ ਪਰਤ ਗਏ ਸਨ। ਲਾਕਡਾਊਨ ਦੌਰਾਨ ਘਰਾਂ ਨੂੰ ਪਰਤਦਿਆਂ ਬੀਤੇ ਵਰ੍ਹੇ ਸੈਂਕਡ਼ੇ ਮਜ਼ਦੂਰਾਂ ਦੀ ਜਾਨ ਵੀ ਚਲੀ ਗਈ ਸੀ।

ਮੌਜੂਦਾ ਦੌਰ ਵਿਚ ਆਏ ਸਿਰਫ ਦਿੱਲੀ ਦੇ ਅੰਕੜੇ ਹੀ ਕਰ ਰਹੇ ਹਨ ਭੈਭੀਤ!

ਦਿੱਲੀ ਟਰਾਂਸਪੋਰਟ ਵਿਭਾਗ ਦੀ ਇਕ ਰਿਪੋਰਟ ‘ਚ ਜਨਤਕ ਕੀਤੀ ਗਈ ਜਾਣਕਾਰੀ ਮੁਤਾਬਕ 19 ਅਪ੍ਰੈਲ ਤੋਂ 14 ਮਈ ਦਰਮਿਆਨ 8 ਲੱਖ 7 ਹਜ਼ਾਰ 32 ਪ੍ਰਵਾਸੀ ਮਜ਼ਦੂਰ ਦਿੱਲੀ ਤੋਂ ਬੱਸਾਂ ਰਾਹੀਂ ਆਪਣੇ ਘਰਾਂ ਨੂੰ ਰਵਾਨਾ ਹੋਏ। ਇਨ੍ਹਾਂ ‘ਚੋਂ 3,79,604 ਪ੍ਰਵਾਸੀ ਲਾਕਡਾਊਨ ਦੇ ਪਹਿਲੇ ਹਫ਼ਤੇ ਰਵਾਨਾ ਹੋਏ ਸਨ। ਇਸ ਤੋਂ ਬਾਅਦ ਇਸ ਗਿਣਤੀ ‘ਚ ਕਮੀ ਆਈ ਅਤੇ ਦੂਜੇ ਹਫ਼ਤੇ ‘ਚ 2,12,448 ਪ੍ਰਵਾਸੀ, ਜਦ ਕਿ ਤੀਜੇ ਹਫ਼ਤੇ ‘ਚ 1,22,490 ਅਤੇ ਚੌਥੇ ਹਫ਼ਤੇ ‘ਚ 92,490 ਯਾਤਰੀ ਆਪਣੇ ਘਰਾਂ ਨੂੰ ਰਵਾਨਾ ਹੋਏ। 

ਰਿਪੋਰਟ ‘ਚ ਦੱਸਿਆ ਗਿਆ ਕਿ ਕਰੀਬ 8 ਲੱਖ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਲਈ ਦਿੱਲੀ ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਸਮੇਤ ਗੁਆਂਢੀ ਸੂਬਿਆਂ ਦੇ ਟਰਾਂਸਪੋਰਟ ਅਧਿਾਕਰੀਆਂ ਨਾਲ ਤਾਲਮੇਲ ਕੀਤਾ। ਇਸ ‘ਚ ਦੱਸਿਆ ਗਿਆ ਕਿ ਲਾਕਡਾਊਨ ਦੇ ਪਹਿਲੇ ਚਾਰ ਹਫ਼ਤਿਆਂ ਦੌਰਾਨ ਬੱਸਾਂ ਨੇ 21,879 ਅੰਤਰਰਾਜੀ ਚੱਕਰ ਲਾਏ। ਰਿਪੋਰਟ ਚ ਇਹ ਵੀ ਦੱਸਿਆ ਗਿਆ ਕਿ ਮੌਜੂਦਾ ਲਾਕਡਾਊਨ ‘ਚ ਪ੍ਰਵਾਸੀਆਂ ਨੇ ‘ਰੇਲ ਗੱਡੀ ਤੋਂ ਯਾਤਰਾ’ ਨੂੰ ਤਰਜੀਹ ਦਿੱਤੀ ਕਿਉਂਕਿ ਇਸ ਸਾਲ ਲਾਕਡਾਊਨ ਦੌਰਾਨ ਰੇਲ ਗੱਡੀਆਂ ਲਗਾਤਾਰ ਚੱਲਦੀਆਂ ਰਹੀਆਂ ਸਨ।