ਅਕਾਲੀ-ਬਸਪਾ ਗੱਠਜੋੜ ‘ਚ ਤਰੇੜਾਂ, ਫਿਲੌਰ ਸੀਟ ਦਾ ਪਿਆ ਪੇਚਾ

ਜਲੰਧਰ : ਪੰਜਾਬ ‘ਚ ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਹੋ ਚੁੱਕਾ ਹੈ ਪਰ ਕੁੱਝ ਸੀਟਾਂ ਦੀ ਵੰਡ ਨੂੰ ਲੈਕੇ ਅਜੇ ਵੀ ਦੋਵਾਂ ਪਾਰਟੀਆਂ ‘ਚ ਰੇੜਕਾ ਬਰਕਰਾਰ ਹੈ। ਬਹੁਜਨ ਸਮਾਜ ਪਾਰਟੀ ਦੇ ਵਰਕਰ ਫਿਲੌਰ ਦੀ ਸੀਟ ‘ਤੇ ਆਪਣਾ ਦਾਅਵਾ ਜਤਾ ਰਹੇ ਹਨ।

ਅੱਜ ਇਕ ਬੈਠਕ ਦੌਰਾਨ ਬਸਪਾ ਵਰਕਰਾਂ ਨੇ ਪਾਰਟੀ ਦੀ ਪੰਜਾਬ ਲੀਡਰਸ਼ਿਪ ਕੋਲੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਕਿ ਫਿਲੌਰ ਸਮੇਤ ਦੋਆਬੇ ਅੰਦਰ ਬਸਪਾ ਦੇ ਚੰਗੇ ਪ੍ਰਭਾਵ ਵਾਲੀਆਂ ਕੁੱਝ ਹੋਰ ਸੀਟਾਂ ’ਤੇ ਮੁੜ ਵਿਚਾਰ ਕਰਕੇ ਉਨ੍ਹਾਂ ਸੀਟਾਂ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹੇ ਕੀਤੇ ਜਾਣ।

ਉਨ੍ਹਾਂ ਇਹ ਮੰਗ ਪਾਰਟੀ ਸੁਪਰੀਮੋ ਮਾਇਆਵਤੀ ਤੱਕ ਵੀ ਪਹੁੰਚਾਉਣ ਦੀ ਗੱਲ ਆਖੀ ਤਾਂਕਿ ਫਿਲੌਰ ਦੀ ਸੀਟ ਬਸਪਾ ਦੇ ਹਿੱਸੇ ਆ ਸਕੇ। ਬਸਪਾ ਆਗੂਆਂ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਮੱਥੇ ਤੋਂ ਅਜੇ ਤੱਕ ਬੇਅਦਬੀ ਦਾ ਦਾਗ਼ ਨਹੀਂ ਉਤਰਿਆ।

ਇਸਦੇ ਬਾਵਜੂਦ ਬਸਪਾ ਨੇ ਅਕਾਲੀ ਦਲ ਨਾਲ ਗਠਜੋੜ ਕੀਤਾ। ਇੰਨਾ ਹੀ ਨਹੀਂ ਸੀਟਾਂ ਦੀ ਵੰਡ ਤੱਕ ਸਹੀ ਤਰੀਕੇ ਨਾਲ ਨਹੀਂ ਕੀਤੀ। ਪਾਰਟੀ ਆਗੂਆਂ ਨੇ ਹਾਈਕਮਾਨ ਨੂੰ ਸੀਟਾਂ ਦੀ ਵੰਡ ਉੱਤੇ ਦੁਬਾਰਾ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।

ਟੀਵੀ ਪੰਜਾਬ ਬਿਊਰੋ