ਠੀਕ ਹੋਇਆ ਟਰੂਡੋ ਦਾ ਜਹਾਜ਼, ਕੈਨੇਡਾ ਲਈ ਹੋਏ ਰਵਾਨਾ

New Delhi- ਸਰਕਾਰੀ ਜਹਾਜ਼ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਦੋ ਦਿਨਾਂ ਦੀ ਦੇਰੀ ਮਗਰੋਂ ਮੰਗਲਵਾਰ ਨੂੰ ਅਖ਼ੀਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਤੋਂ ਕੈਨੇਡਾ ਲਈ ਰਵਾਨਾ ਹੋ ਗਏ। ਨਵੀਂ ਦਿੱਲੀ ’ਚ ਜੀ-20 ਨੇਤਾਵਾਂ ਦੇ ਸੰਮੇਲਨ ਵਿੱਚ ਸ਼ਾਮਲ ਟਰੂਡੋ ਅਤੇ ਕੈਨੇਡੀਅਨ ਵਫ਼ਦ ਐਤਵਾਰ ਨੂੰ ਓਟਾਵਾ ਲਈ ਰਵਾਨਾ ਹੋਣ ਵਾਲੇ ਸਨ, ਪਰ ਉਡਾਣ ਤੋਂ ਪਹਿਲਾਂ ਦੀ ਜਾਂਚ ਦੌਰਾਨ ਸਾਹਮਣੇ ਆਈ ਇੱਕ ਖ਼ਰਾਬੀ ਕਾਰਨ ਜਹਾਜ਼ ਨੂੰ ਰੋਕ ਦਿੱਤਾ ਗਿਆ ਸੀ।
ਸੀ. ਸੀ.-150 ਪੋਲਾਰਿਸ ਜਹਾਜ਼, ਇੱਕ ਫਲੀਟ ਦਾ ਹਿੱਸਾ ਹੈ, ਜੋ 1990 ਦੇ ਦਹਾਕੇ ਦੇ ਸ਼ੁਰੂ ’ਚ ਚਾਲੂ ਕੀਤਾ ਗਿਆ ਸੀ। ਹਾਲ ਹੀ ਦੇ ਸਾਲਾਂ ’ਚ ਇਹ ਕਾਫ਼ੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਆਗਾਮੀ ਸਰਦੀਆਂ ਦੇ ਸੀਜ਼ਨ ਮਗਰੋਂ ਇਸ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਹਾਜ਼ ’ਚ ਆਈ ਸਮੱਸਿਆ ਦਾ ਪਤਾ ਲੱਗਣ ਮਗਰੋਂ, ਰਾਇਲ ਕੈਨੇਡੀਅਨ ਹਵਾਈ ਫੌਜ ਨੇ ਇੱਕ ਟੈਕਨੀਸ਼ੀਅਨ ਨੂੰ ਬਦਲਵੇਂ ਪੁਰਜ਼ਿਆਂ ਨਾਲ ਭਾਰਤ ਭੇਜਿਆ ਅਤੇ ਲੋੜ ਪੈਣ ’ਤੇ ਬੈਕਅੱਪ ਜਹਾਜ਼ ਵੀ ਭੇਜਿਆ। ਹਾਲਾਂਕਿ ਤਕਨੀਸ਼ੀਅਨ ਅਸਲ ਜਹਾਜ਼ ਦੀ ਸਮੱਸਿਆ ਨੂੰ ਹੱਲ ਕਰਨ ’ਚ ਕਾਮਯਾਬ ਰਹੇ ਅਤੇ ਇਸ ਮਗਰੋਂ ਉਨ੍ਹਾਂ ਨੇ ਆਪਣੇ ਜਹਾਜ਼ ’ਚ ਹੀ ਉਡਾਣ ਭਰੀ। ਦੱਸ ਦਈਏ ਕਿ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਪ੍ਰਧਾਨ ਮੰਤਰੀ ਵਪਾਰਕ ਉਡਾਣ ਨਹੀਂ ਭਰਦੇ ਹਨ।