ਦਿੱਲੀ ਦੇ ਕ੍ਰਾਂਤੀਕਾਰੀਆਂ ਤੋਂ ਸਿੱਖਣਗੇ ਪੰਜਾਬ ਦੇ ‘ਆਮ’ ਮੰਤਰੀ , ਹੋਇਆ ਸਮਝੌਤਾ

ਨਵੀਂ ਦਿੱਲੀ – ਦਿੱਲੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ , ਕ੍ਰਾਂਤੀਕਾਰੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਕ੍ਰਾਂਤੀਕਾਰੀ ਸਿਹਤ ਮੰਤਰੀ ਸਤੇਂਦਰ ਜੈਨ ਜੀ ਤੋਂ ਪੰਜਾਬ ਦੇ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿਖਲਾਈ ਹਾਸਿਲ ਕਰਕੇ ਉਸ ਨੂੰ ਪੰਜਾਬ ਚ ਲਾਗੂ ਕਰਣਗੇ ।ਇਹ ਕਹਿਣਾ ਹੈ ਸੀ.ਐੱਮ ਭਗਵੰਤ ਮਾਨ ਦਾ , ਜਿਨ੍ਹਾਂ ਨੇ ਦਿੱਲੀ ਸਰਕਾਰ ਨਾਲ ਸਮਝੌਤਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ । ਖਾਸ ਗੱਲ ਇਹ ਰਹੀ ਕਿ ਦਿੱਲੀ ਟੀਮ ਬਾਰੇ ਗੱਲ ਕਰਦਿਆਂ ਹੋਇਆਂ ਸੀ.ਐੱਮ ਮਾਨ ਵਲੋਂ ਉਨ੍ਹਾਂ ਨੂੰ ਕ੍ਰਾਂਤੀਕਾਰੀ ਤਾਂ ਦੱਸ ਦਿੱਤਾ ਗਿਆ , ਪਰ ਆਪਣੇ ਮੰਤਰੀਆਂ ਦੀ ਤਰੀਫ ਚ ਇੱਕ ਅੱਖਰ ਵੀ ਨਹੀਂ ਬੋਲਿਆ ।

ਸੀ.ਐੱਮ ਮਾਨ ਨੇ ਕਿਹਾ ਕਿ ਦੋ ਦਿਨਾਂ ਦੌਰਾਨ ਉਨ੍ਹਾਂ ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਦਾ ਜ਼ਾਇਜਾ ਲਿਆ ਹੈ । ਉਨ੍ਹਾਂ ਦੇਖਿਆ ਕਿ ਕਿਸ ਤਰ੍ਹਾਂ ਸਰਕਾਰੀ ਸਕੂਲ ੳਤੇ ਹਸਪਤਾਲ ਨਿੱਜੀ ਖੇਤਰਾਂ ਨੂੰ ਮਾਤ ਦੇ ਰਹੇ ਹਨ ਅਤੇ ਆਮ ਜਨਤਾ ਨੂੰ ਸਹੂਲਤਾਂ ਵੀ ਪੂਰੀਆਂ ਮਿਲ ਰਹੀਆਂ ਹਨ । ਸੀ.ਐੱਮ ਮਾਨ ਨੇ ਕਿਹਾ ਕਿ ਸਿੱਖਣ ਚ ਕੋਈ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ ਹੈ ।ਉਨ੍ਹਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਨਾਲ ਗਿਆਨ ਦਾ ਆਦਾਨ ਪ੍ਰਦਾਨ ਕੀਤਾ ਹੈ ।ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ ।