ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ

ਜਲੰਧਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕ ਕਰਨ ਦੇ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਪਿੰਡ ਸਰਾਏਖਾਸ ਬਲਾਕ ਜਲੰਧਰ ਪੱਛਮੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਆਧੁਨਿਕ ਸੰਦਾਂ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਜਾਗਰੂਕਤਾ ਪ੍ਰੋਗਰਾਮ ਤਹਿਤ ਜ਼ਿਲ੍ਹੇ ਸਮੁੱਚੇ ਬਲਾਕਾਂ ਵਿਚ ਅਜਿਹੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀ ਸੁਚੱਜੀ ਸਾਂਭ-ਸੰਭਾਲ ਲਈ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਕੈਂਪ ਦੌਰਾਨ ਖੇਤੀਬਾੜੀ ਅਫ਼ਸਰ ਡਾ. ਅਰੁਨ ਕੋਹਲੀ ਤੇ ਡਾ. ਸੁਰਜੀਤ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਮਨਿੰਦਰ ਸਿੰਘ ਨੇ ਕਿਸਾਨਾਂ ਨੂੰ ਇਨਸੀਟੂ ਪੈਡੀ ਸਟਰਾਅ ਮੈਨੇਜਮੈਂਟ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਸੁਪਰ ਸੀਡਰ, ਹੈਪੀਸੀਡਰ, ਐੱਮ ਬੀ ਪਲੋਅ ਆਦਿ ਸੰਦਾਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ।

ਕੈਂਪ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਸਹਿਕਾਰੀ ਸਭਾ, ਸਰਾਏਖਾਸ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸੁਸਾਇਟੀ ਕੋਲ ਸਮੁੱਚੀਆਂ ਮਸ਼ੀਨਾਂ ਉਪਲਬਧ ਹਨ, ਜਿਸ ਰਾਹੀਂ ਇਲਾਕੇ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਸੁਪਰ ਸੀਡਰ, ਆਰ. ਐਮ.ਬੀ. ਪਲੋਅ, ਰੋਟਾਵੇਟਰ, ਮਲਚਰ ਵਰਗੀਆਂ ਮਸ਼ੀਨਾਂ ਕਿਰਾਏ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਸਰਾਏਖਾਸ ਦੇ ਕਿਸਾਨ ਹਰਨੇਕ ਸਿੰਘ, ਸੁਖਬੀਰ ਸਿੰਘ ਤੇ ਪਰਮਜੀਤ ਸਿੰਘ ਅਤੇ ਪਿੰਡ ਬਿਧੀਪੁਰ ਦੇ ਕਿਸਾਨ ਪ੍ਰੀਤਮ ਸਿੰਘ ਨੇ ਇਸ ਮੌਕੇ ਆਪਣੇ ਸਾਥੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਨ ਦਾ ਪ੍ਰਣ ਵੀ ਕੀਤਾ।

ਟੀਵੀ ਪੰਜਾਬ ਬਿਊਰੋ