ਸੋਕੇ ਦੇ ਚੱਲਦਿਆਂ ਮੈਟਰੋ ਵੈਨਕੂਵਰ ’ਚ ਲਾਅਨਾਂ ’ਚ ਪਾਣੀ ਦੇਣ ’ਤੇ ਲੱਗੀ ਪਾਬੰਦੀ

Vancouver- ਬ੍ਰਿਟਿਸ਼ ਕੋਲੰਬੀਆ ਇਸ ਸਮੇਂ ਗੰਭੀਰ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇਸੇ ਦੇ ਮੱਦੇਨਜ਼ਰ ਮੈਟਰੋ ਵੈਨਕੂਵਰ ’ਚ ਅਧਿਕਾਰੀਆਂ ਨੇ ਪਾਣੀ ਦੀ ਬੇਲੋੜੀ ਵਰਤੋਂ ਨੂੰ ਰੋਕਣ ਲਈ ਭਲਕੇ ਭਾਵ ਕਿ 4 ਅਗਸਤ ਤੋਂ ਜਲ ਪਾਬੰਦੀਆਂ ਨੂੰ ਦੂਜੇ ਪੜਾਅ ’ਚ ਦਾਖ਼ਲ ਕਰ ਦਾ ਫ਼ੈਸਲਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਭਲਕੇ ਤੋਂ ਲੋਕ ਆਪਣੇ ਘਰਾਂ ਦੇ ਲਾਅਨਾਂ ’ਚ ਪਾਣੀ ਨਹੀਂ ਲਗਾ ਸਕਦੇ। ਇਨ੍ਹਾਂ ਪਾਬੰਦੀਆਂ ’ਚ ਘਰਾਂ ਤੋਂ ਇਲਾਵਾ ਸਕੂਲਾਂ ਅਤੇ ਸਿਟੀ ਦੇ ਪਾਰਕ, ਲਾਅਨ ਅਤੇ ਹੋਰ ਘਾਹਦਾਰ ਬੁਲੇਵਾਰਡ ਵੀ ਸ਼ਾਮਲ ਹਨ। ਹਾਲਾਂਕਿ ਦਰਖ਼ਤਾਂ, ਫੁੱਲਾਂ ਅਤੇ ਝਾੜੀਆਂ ਨੂੰ ਪਾਣੀ ਦੇਣ ਲਈ, ਪਾਣੀ ਛਿੜਕਣ ਵਾਲੇ ਸਪਰਿੰਕਲਰ ਦੀ ਵਰਤੋਂ, ਘਰਾਂ ’ਚ ਸਵੇਰੇ 5 ਤੋਂ ਸਵੇਰੇ 9 ਵਜੇ ਤੱਕ ਅਤੇ ਗ਼ੈਰ-ਰਿਹਾਇਸ਼ੀ ਥਾਂਵਾਂ ’ਤੇ ਸਵੇਰੇ 4 ਵਜੇ ਤੋਂ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਨੂੰ 500 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।
ਇਸ ਬਾਰੇ ’ਚ ਮੈਟਰੋ ਵੈਨਕੂਵਰ ਜਲ ਕਮੇਟੀ ਦੇ ਪ੍ਰਧਾਨ ਮੈਲਕਮ ਬ੍ਰਾਡੀ ਨੇ ਕਿਹਾ ਕਿ ਲਾਅਨ ’ਚ ਪਾਣੀ ਦੇਣਾ ਪਾਣੀ ਦੀ ਸਭ ਤੋਂ ਵੱਧ ਵਰਤੋਂ ਹੈ, ਜੋ ਕਿ ਘਰੋਂ ਬਾਹਰ ਦਾ ਅਧਿਕਾਰ ਖੇਤਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭੋਜਨ ਪਕਾਉਣ, ਸਫ਼ਾਈ ਅਤੇ ਪੀਣ ਲਈ ਪਾਣੀ ਬਚਾਉਣਾ ਪਏਗਾ, ਜਿਹੜਾ ਕਿ ਸਾਡੇ ਜੀਵਨ ਦੀ ਗੁਣਵੱਤਾ ਲਈ ਮੌਲਿਕ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਕੋਈ ਆਪਣੇ ਲਾਅਨ ’ਚ ਪਾਣੀ ਦੇਣ ’ਚ ਕਟੌਤੀ ਕਰੇ ਅਤੇ ਇਸ ਨੂੰ ਕੁਝ ਮਿਲੀਅਨ ਨਾਲ ਗੁਣਾ ਕਰੇ ਤਾਂ ਅੰਦਾਜ਼ਨ ਕਾਫ਼ੀ ਪਾਣੀ ਬਚਾਇਆ ਜਾ ਸਕਦਾ ਹੈ। ਆਖ਼ਰੀ ਵਾਰ ਮੈਟਰੋ ਵੈਨਕੂਵਰ ਲਈ ਸਾਲ 2015 ’ਚ ਪੜਾਅ 2 ਦੀਆਂ ਜਲ ਪਾਬੰਦੀਆਂ ਲਗਾਈਆਂ ਸਨ।
ਪਿਛਲੇ ਮਹੀਨੇ ਇਹ ਇਲਾਕਾ ਇੱਕ ਦਿਨ ’ਚ 1.56 ਬਿਲੀਅਨ ਲੀਟਰ ਪਾਣੀ ਦੀ ਵਰਤੋਂ ਕਰਨ ਦੇ ਆਪਣੇ ਸਿਖ਼ਰ ’ਤੇ ਪਹੁੰਚ ਗਿਆ ਸੀ। ਬ੍ਰਾਡੀ ਨੇ ਕਿਹਾ ਕਿ ਪਿਛਲੇ ਸਾਲ ਸਾਡੇ ਇੱਥੇ ਗਰਮ ਖ਼ੁਸ਼ਕ ਤਾਪਮਾਨ ਸੀ ਪਰ ਇਸ ਸਾਲ ਪ੍ਰਤੀ ਵਿਅਕਤੀ ਪਾਣੀ ਦੀ ਵਰਤੋਂ ਕੁਝ ਕਾਰਨਾਂ ਦੇ ਚੱਲਦਿਆਂ 20 ਫ਼ੀਸਦੀ ਵੱਧ ਗਈ ਹੈ ਅਤੇ ਇਸ ਲਈ ਇਹ ਇੱਕ ਵਾਧੂ ਕਾਰਨ ਹੈ ਕਿ ਸਾਨੂੰ ਲੋਕਾਂ ਦੇ ਸਹਿਯੋਗ ਅਤੇ ਪਾਣੀ ਦੀ ਸੰਭਾਲ ਦੀ ਲੋੜ ਹੈ। ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਮੌਸਮ ਵਿਭਾਗ ਨੇ ਅਗਲੇ ਕੁਝ ਮਹੀਨਿਆਂ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ, ਜਿਸ ਦਾ ਮਤਲਬ ਹੈ ਕਿ ਖ਼ੁਸ਼ਕ ਮੌਸਮ ਅਗਲੇ ਕਈ ਮਹੀਨੇ ਜਾਰੀ ਰਹਿ ਸਕਦਾ ਹੈ।