ਲੁਧਿਆਣਾ ‘ਚ ਈਡੀ ਵੱਲੋਂ 8 ਥਾਵਾਂ ‘ਤੇ ਛਾਪੇਮਾਰੀ

ਲੁਧਿਆਣਾ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਲੁਧਿਆਣਾ ਵਿਚ ਫਾਸਟਵੇਅ ਮੀਡੀਆ ਅਤੇ ਡੇਲੀ ਪੋਸਟ ਨਾਲ ਸੰਬੰਧਿਤ ਇਮਾਰਤਾਂ ਅਤੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵੱਲੋਂ ਵੱਖ-ਵੱਖ 8 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ।

ਇਨਫੋਰਸਮੈਂਟ ਆਫ਼ ਡਾਇਰੈਕਟੋਰੇਟ (ਈ.ਡੀ.) ਵੱਲੋਂ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਗ੍ਰੈਂਡ ਵਾਕ ਮਾਲ ਵਿਚਲੇ ਫਾਸਟਵੇਅ ਟਰਾਂਸਮਿਸ਼ਨ ਦੇ ਦਫ਼ਤਰ, ਜੁਝਾਰ ਟਰਾਂਸਪੋਰਟ ਦੇ ਦਫ਼ਤਰ ਅਤੇ ਕੰਪਨੀ ਦੇ ਮਾਲਕ ਦੇ ਘਰ ‘ਤੇ ਅੱਜ ਦਸਤਕ ਦਿੱਤੀ ਗਈ।

ਈ.ਡੀ. ਵੱਲੋਂ ਵੱਖ-ਵੱਖ ਥਾਵਾਂ ਤੋਂ ਰਿਕਾਰਡ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਫਾਸਟਵੇਅ ਵਿਰੁੱਧ ਲੋੜੀਂਦੀ ਕਾਰਵਾਈ ਕੀਤੇ ਬਿਨਾਂ ਪੰਜਾਬ ਦੀ ਕੇਬਲ ਸਮੱਸਿਆ ਦਾ ਹੱਲ ਸੁਝਾਉਣਾ ਗਲਤ ਹੈ।

ਫਾਸਟਵੇਅ ‘ਤੇ ਲੋੜੀਂਦੀ ਕਾਰਵਾਈ ਦੀ ਲੋੜ : ਸਿੱਧੂ

ਨਵਜੋਤ ਸਿੰਘ ਸਿੱਧੂ ਵਲੋਂ ਜਿੱਥੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ ਉੱਥੇ ਹੀ ਉਹ ਆਪਣੀ ਪਾਰਟੀ ਦੇ ਮੁੱਖ ਮੰਤਰੀ ਚੰਨੀ ਵਲੋਂ ਕੀਤੇ ਜਾਂਦੇ ਐਲਾਨਾਂ ਨੂੰ ਲੈ ਕੇ ਵੀ ਸਵਾਲ ਚੁੱਕ ਰਹੇ ਹਨ। ਹੁਣ ਸਿੱਧੂ ਨੇ ਕੇਬਲ ਟੀ.ਵੀ. ਨੂੰ ਲੈ ਕੇ ਬਿਆਨ ਦਿੱਤਾ ਹੈ।

ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ 5 ਸਾਲ ਪਹਿਲਾਂ, ਮੈਂ ਮਲਟੀ ਸਿਸਟਮ ਆਪ੍ਰੇਟਰ -ਫਾਸਟਵੇਅ ਦੇ ਏਕਾਧਿਕਾਰ ਤੋਂ ਛੁਟਕਾਰਾ ਪਾਉਣ ਲਈ, 1000 ਕਰੋੜ ਦੇ ਟੈਕਸ ਦੀ ਵਸੂਲੀ, ਸਥਾਨਕ ਆਪ੍ਰੇਟਰਾਂ ਨੂੰ ਸਸ਼ਕਤੀਕਰਨ ਅਤੇ ਲੋਕਾਂ ਨੂੰ ਸਸਤੀ ਕੇਬਲ ਦੇਣ ਦੀ ਨੀਤੀ ਅੱਗੇ ਰੱਖੀ ਸੀ।

ਉਨ੍ਹਾਂ ਦਾ ਸਾਫ਼ ਤੌਰ ‘ਤੇ ਕਹਿਣਾ ਹੈ ਕਿ ਫਾਸਟਵੇਅ ਵਿਰੁੱਧ ਲੋੜੀਂਦੀ ਕਾਰਵਾਈ ਕੀਤੇ ਬਿਨਾਂ ਪੰਜਾਬ ਦੀ ਕੇਬਲ ਸਮੱਸਿਆ ਦਾ ਹੱਲ ਸੁਝਾਉਣਾ ਗਲਤ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਵਲੋਂ ਕੇਬਲ ਟੀ.ਵੀ. ਦੇ ਚਾਰਜ ਨੂੰ ਘਟਾ ਕੇ 100 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ