ਨਾਰਥ ਵੈਸਟ ਟੈਰਿਟ੍ਰੀਜ਼ ’ਚ ਅੱਗੇ ਪਈਆਂ ਖੇਤਰੀ ਚੋਣਾਂ

Yellowknife- ਨਾਰਥ ਵੈਸਟ ਟੈਰਿਟ੍ਰੀਜ਼ ਵਿਧਾਨ ਸਭਾ ਦੇ ਮੈਂਬਰਾਂ ਨੇ ਸੋਮਵਾਰ ਨੂੰ ਸਰਬਸੰਮਤੀ ਨਾਲ ਜੰਗਲ ਦੀ ਅੱਗ ਦੇ ਕਾਰਨ ਅਕਤੂਬਰ ’ਚ ਹੋਣ ਵਾਲੀ ਚੋਣਾਂ ’ਚ ਦੇਰੀ ਕਰਨ ਲਈ ਵੋਟ ਪਾਈ ਹੈ, ਕਿਉਂਕਿ ਜੰਗਲੀ ਅੱਗ ਦੇ ਕਾਰਨ ਇੱਥੋਂ ਦੇ ਕਈ ਹਲਕੇ ਪ੍ਰਭਾਵਿਤ ਹੋਏ ਹਨ ਅਤੇ ਯੈਲੋਨਾਈਫ਼ ’ਚ ਤਾਂ ਹਜ਼ਾਰਾਂ ਲੋਕਾਂ ਆਪਣੇ ਘਰ ਖ਼ਾਲੀ ਕਰਨੇ ਪਏ ਹਨ।
ਇਸ ਬਾਰੇ ਗੱਲਬਾਤ ਕਰਦਿਆਂ ਫਰੇਮ ਲੇਕ ਤੋਂ ਮੈਂਬਰ ਕੇਵਿਨ ਓ’ਰੀਲੀ ਨੇ ਕਿਹਾ ਕਿ ਇਹ ਬੇਮਿਸਾਲ ਸਮਾਂ ਹੈ। ਉਨ੍ਹਾਂ ਕਿਹਾ, ‘‘ਸਾਡੇ ਲਈ ਨਿਰਪੱਖ ਚੋਣਾਂ ਕਰਵਾਉਣਾ ਸੰਭਵ ਨਹੀਂ ਹੋਵੇਗਾ ਜਿਵੇਂ ਕਿ ਪਹਿਲਾਂ ਯੋਜਨਾ ਬਣਾਈ ਗਈ ਸੀ।’’
ਓ’ਰੀਲੀ ਨੇ ਕਿਹਾ ਕਿ ਖੇਤਰ ਦੀ ਲਗਭਗ 70 ਪ੍ਰਤੀਸ਼ਤ ਆਬਾਦੀ ਹੁਣ ਨਿਕਾਸੀ ਅਧੀਨ ਹੈ ਅਤੇ ਖੇਤਰ ਦੇ ਵਧੇਰੇ ਹਲਕੇ ਅੱਗ ਕਾਰਨ ਪ੍ਰਭਾਵਿਤ ਹੋਏ ਹਨ। ਹਾਲਾਂਕਿ ਅੱਗ ਬੁਝਾਊ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਖੇਤਰੀ ਰਾਜਧਾਨੀ ਨੂੰ ਖ਼ਤਰੇ ’ਚ ਪਾਉਣ ਵਾਲੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਪਰ ਲੋਕਾਂ ਲਈ ਆਪਣੇ ਘਰਾਂ ’ਚ ਵਾਪਸ ਪਰਤਣਾ ਅਜੇ ਵੀ ਸੁਰੱਖਿਅਤ ਨਹੀਂ ਹੈ।
ਨਾਰਥ ਵੈਸਟ ਟੈਰਿਟ੍ਰੀਜ਼ ’ਚ ਹੁਣ 14 ਨਵੰਬਰ ਨੂੰ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਖੇਤਰ ’ਚ 3 ਅਕਤੂਬਰ ਨੂੰ ਚੋਣਾਂ ਹੋਣੀਆਂ ਸਨ।
ਦੱਸ ਦਈਏ ਕਿ ਨਾਰਥ ਵੈਸਟ ਟੈਰਿਟ੍ਰੀਜ਼ ’ਚ ਸਰਕਾਰ ਸਿਆਸੀ ਪਾਰਟੀਆਂ ਤੋਂ ਬਿਨਾਂ ਇੱਕ ਸਹਿਮਤੀ ਪ੍ਰਣਾਲੀ ਦੁਆਰਾ ਕੰਮ ਕਰਦੀ ਹੈ, ਜਿਸ ’ਚ ਚੁਣੇ ਗਏ ਮੈਂਬਰ ਆਪਣੇ ’ਚੋਂ ਕਿਸੇ ਇੱਕ ਨੂੰ ਪ੍ਰੀਮੀਅਰ ਚੁਣਦੇ ਹਨ।
ਖੇਤਰੀ ਵਿਧਾਨ ਸਭਾ ਦੇ ਮੈਂਬਰਾਂ ਨੇ ਇਹ ਫੈਸਲਾ ਰਾਜਧਾਨੀ ਯੈਲੋਨਾਈਫ ਦੀ ਬਜਾਏ ਇਨੂਵਿਕ ’ਚ ਆਯੋਜਿਤ ਇੱਕ ਅਸਾਧਾਰਨ ਸੈਸ਼ਨ ਵਿੱਚ ਲਿਆ, ਜਿਸ ਨੂੰ ਕਿ ਹੁਣ ਨੇੜਲੇ ਜੰਗਲ ਦੀ ਅੱਗ ਕਾਰਨ ਖ਼ਾਲੀ ਕਰਾ ਲਿਆ ਗਿਆ ਹੈ। ਵਧੇਰੇ ਮੈਂਬਰਾਂ ਨੇ ਬੈਠਕ ’ਚ ਆਨਲਾਈਨ ਹੀ ਹਿੱਸਾ ਲਿਆ।
ਇਸ ਦੌਰਾਨ ਵਿਧਾਇਕਾਂ ਨੇ ਖੇਤਰ ਵਿੱਚ ਅੱਗ ਬੁਝਾਉਣ ਲਈ ਵਾਧੂ 75 ਮਿਲੀਅਨ ਡਾਲਰ ਦੇ ਵਿਸ਼ੇਸ਼ ਮੁਲਾਂਕਣ ਨੂੰ ਅੱਗੇ ਵਧਾਇਆ। ਮੌਜੂਦਾ ਸਮੇਂ ’ਚ ਇਸ ਖੇਤਰ ’ਚ ਅੱਗ ਬਝਾਊ ਮਿਸ਼ਨ ਦਾ ਬਜਟ ਦਾ ਲਗਭਗ 22 ਮਿਲੀਅਨ ਡਾਲਰ ਹੈ।
ਵਿੱਤ ਮੰਤਰੀ ਕੈਰੋਲੀਨ ਵਾਵਜ਼ੋਨੇਕ ਨੇ ਕਿਹਾ ਕਿ ਅੱਗ ਬੁਝਾਉਣ ਲਈ ਚਾਰ ਗੁਣਾ ਬਜਟ ਕਾਫ਼ੀ ਹੋਣਾ ਚਾਹੀਦਾ ਹੈ, ਪਰ ਉਨ੍ਹਾਂ ਨੇ ਸਾਵਧਾਨ ਕੀਤਾ ਕਿ 75 ਮਿਲੀਅਨ ਡਾਲਰ ਦਾ ਅਨੁਮਾਨ ਸਿਰਫ਼ 10 ਦਿਨਾਂ ਪਹਿਲਾਂ ਕੀਤੀ ਗਈ ਗਣਨਾ ’ਤੇ ਅਧਾਰਤ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅੱਗ ਕਾਰਨ ਸੂਬੇ ਦੇ ਕਾਫ਼ੀ ਜ਼ਿਆਦਾ ਵਿੱਤੀ ਬੋਝ ਪੈਣ ਦਾ ਅਨੁਮਾਨ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫ਼ਾਇਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਲੰਘੇ ਵੀਕੈਂਡ ਦੌਰਾਨ ਠੰਢੀਆਂ ਰਾਤਾਂ, ਵਧੇਰੇ ਨਮੀ ਅਤੇ ਅਨੁਕੂਲ ਹਵਾਵਾਂ ਨੇ ਯੈਲੋਨਾਈਫ਼ ਦੇ ਇਲਾਕੇ ਵਿਚ ਜੰਗਲੀ ਅੱਗ ਨੂੰ ਸ਼ਾਂਤ ਕਰਨ ਵਿੱਚ ਕੁਝ ਮਦਦ ਕੀਤੀ ਹੈ। ਪਰ ਵਧਦੇ ਤਾਪਮਾਨ ਤੋਂ ਬਾਅਦ ਰਾਜਧਾਨੀ ਯੈਲੋਨਾਈਫ਼ ਅਤੇ ਹੇਅ ਰਿਵਰ ਇਲਾਕੇ ਵਿਚ ਅੱਗ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਅੱਗ ਦੀਆਂ ਲਪਟਾਂ ਹੇਅ ਰਿਵਰ ਸ਼ਹਿਰ ਤੋਂ ਕੁਝ ਕਿਲੋਮੀਟਰ ਹੀ ਦੂਰ ਹਨ।