ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਵਧਾਉਣ ‘ਤੇ ਜ਼ੋਰ

ਜਲੰਧਰ : ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਵੱਲੋਂ ਅੱਜ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਹੋਰਨਾਂ ਅਧਿਕਾਰੀਆਂ ਨਾਲ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਵਧਾਉਣ ‘ਤੇ ਜ਼ੋਰ ਦਿੰਦਿਆਂ ਇਲੈਕਟੋਰਲ ਰੋਲ ਹੈਲਥ ਵਿਚ ਸੁਧਾਰ ਲਈ ਮਰ ਚੁੱਕੇ/ਸ਼ਿਫਟ ਹੋ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟਣ ਸਬੰਧੀ ਹਦਾਇਤ ਕੀਤੀ।

ਉਨ੍ਹਾਂ ਹਰੇਕ ਪੋਲਿੰਗ ਸਟੇਸ਼ਨ ‘ਤੇ ਬੀ.ਐਲ.ਓ. ਦੀ ਨਿਯੁਕਤੀ ਕਰਨ ਤੋਂ ਇਲਾਵਾ ਉਨ੍ਹਾਂ ਦੇ ਮੋਬਾਇਲ ਫੋਨ ਵਿਚ ਗਰੁੜਾ ਐਪ ਡਾਊਨਲੋਡ ਕਰਵਾਉਣ ਅਤੇ ਇਸ ਦੀ ਵਰਤੋਂ ਕਰਨ ਸਬੰਧੀ ਸਮੂਹ ਬੀ.ਐਲ.ਓਜ਼ ਨੂੰ ਸਿਖਲਾਈ ਦੇਣ ‘ਤੇ ਜ਼ੋਰ ਦਿੱਤਾ ਤਾਂ ਜੋ ਵੋਟਰ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਹਾਜ਼ਰ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਹੋਰਨਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹਾ ਜਲੰਧਰ ਵਿਚ 18-19 ਸਾਲ ਉਮਰ ਗਰੁੱਪ ਦੇ ਨੌਜਵਾਨ ਵਰਗ ਦੀਆਂ ਵੋਟਾਂ ਬਣਾਉਣ ਲਈ ਹਲਕਾ ਪੱਧਰ ਅਤੇ ਬੂਥ ਪੱਧਰ ‘ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣ।

ਇਸ ਤੋਂ ਇਲਾਵਾ ਸਪੈਸ਼ਲ ਸਮਰੀ ਰਵੀਜ਼ਨ 01-01-2022 ਦੌਰਾਨ 6 ਤੇ 7 ਨਵੰਬਰ 2021 ਅਤੇ 20 ਤੇ 21 ਨਵੰਬਰ 2021 ਨੂੰ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਦੌਰਾਨ ਬੀ.ਐਲ.ਓਜ਼ ਨੂੰ ਆਪਣੇ ਪੋਲਿੰਗ ਬੂਥਾਂ ‘ਤੇ ਬੈਠ ਕੇ ਨੌਜਵਾਨ ਵਰਗ ਦੀਆਂ ਵੋਟਾਂ ਬਣਾਉਣ ਸਬੰਧੀ ਫਾਰਮ 6 ਭਰਵਾਏ ਜਾਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਜ਼ਿਲ੍ਹੇ ਵਿਚ ਨੌਜਵਾਨ ਵੋਟਰ ਰਜਿਸਟ੍ਰੇਸ਼ਨ ਨੂੰ ਹੋਰ ਵਧਾਇਆ ਜਾ ਸਕੇ।

ਟੀਵੀ ਪੰਜਾਬ ਬਿਊਰੋ