ਕੇਂਦਰ ਖਿਲਾਫ ਕਿਸਾਨਾਂ ਨੇ ਫਿਰ ਖੋਲਿਆ ਮੋਰਚਾ, ਕੀਤਾ ਵੱਡਾ ਐਲਾਨ

ਬਰਨਾਲਾ- ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਾਰ ਫਿਰ ਰੇਲਵੇ ਤੇ ਬੱਸ ਆਵਾਜਾਈ ਠੱਪ ਕਰਨ ਦੀ ਤਿਆਰੀ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਵਾਪਸ ਨਹੀਂ ਲਿਆ ਜਾ ਰਿਹਾ। ਇਸ ਦੇ ਵਿਰੋਧ ਵਿੱਚ 31 ਜੁਲਾਈ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਰੇਲ ਅਤੇ ਹਾਈਵੇਅ ’ਤੇ ਆਵਾਜਾਈ ਠੱਪ ਰੱਖੀ ਜਾਵੇਗੀ। ਪ੍ਰਦਰਸ਼ਨ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਕਰਨਗੇ।

ਮੋਰਚੇ ਦੇ ਸੱਦੇ ‘ਤੇ ਮੰਗਲਵਾਰ ਨੂੰ ਬਰਨਾਲਾ ਦੀ ਅਨਾਜ ਮੰਡੀ ‘ਚ ਕਿਸਾਨ ਸਭਾ ਕੀਤੀ ਗਈ। ਇੱਥੇ 18 ਤੋਂ 30 ਜੁਲਾਈ ਤਕ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਫੌਜ ‘ਚ ਭਰਤੀ ਦੀ ‘ਅਗਨੀਪਥ ਸਕੀਮ’ ਵਾਪਸ ਲੈਣ, ਕੇਂਦਰ ਤੋਂ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦੇਣ, ਕਿਸਾਨਾਂ ‘ਤੇ ਦਰਜ ਕੀਤੇ ਝੂਠੇ ਕੇਸ ਰੱਦ ਕਰਵਾਉਣ, ਲਖੀਮਪੁਰ ਖੇੜੀ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ 31 ਜੁਲਾਈ ਨੂੰ ਦੁਪਹਿਰ 11 ਤੋਂ 3 ਵਜੇ ਤਕ ਰੇਲ ਅਤੇ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ।

ਕਿਸਾਨ ਸਭਾ ‘ਚ ਸ਼ਿੰਗਾਰ ਸਿੰਘ, ਮਨਵੀਰ ਕੌਰ, ਜਸਮੇਲ ਸਿੰਘ, ਜਗਸੀਰ ਸਿੰਘ, ਸੰਪੂਰਨ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਬੂਟਾ ਸਿੰਘ, ਮੋਹਨ ਸਿੰਘ, ਰਣਜੀਤ ਸਿੰਘ, ਮਨਜੀਤ ਰਾਜ, ਪਵਿਤਰ ਸਿੰਘ, ਰੁਲਦੂ ਸਿੰਘ, ਗੁਰਮੇਲ ਸ਼ਰਮਾ, ਉਜਾਗਰ ਸਿੰਘ, ਕੁਲਦੀਪ ਸਿੰਘ, ਬਿੱਕਰ ਸਭਾ, ਹਰਪ੍ਰੀਤ ਸਿੰਘ, ਬਿੱਕਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।