ਕੈਨੇਡਾ ਸਰਕਾਰ ਨੇ 2026 ਤੱਕ ਨਵੇਂ ਪਰਮਾਨੈਂਟ ਰੈਜੀਡੈਂਟਸ ਦੀ ਗਿਣਤੀ ਨੂੰ ਸਥਿਰ ਰੱਖਣ ਦੀ ਬਣਾਈ ਯੋਜਨਾ

Ottawa- ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਫੈਡਰਲ ਸਰਕਾਰ ਰਿਹਾਇਸ਼ੀ ਅਤੇ ਹੋਰ ਸੇਵਾਵਾਂ ’ਤੇ ਪੈ ਰਹੇ ਬੋਝ ਦੇ ਪ੍ਰਤੀਕਰਮ ਵਜੋਂ 2026 ’ਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਸਥਿਰ ਰੱਖਣ ਦਾ ਫ਼ੈਸਲਾ ਕੀਤਾ ਹੈ। ਮਿਲਰ ਨੇ ਸੰਸਦ ’ਚ ਅਗਲੇ ਤਿੰਨ ਸਾਲਾਂ ਲਈ ਨਵੇਂ ਟੀਚੇ ਪੇਸ਼ ਕਰਦਿਆਂ ਇਹ ਗੱਲਾਂ ਆਖੀਆਂ।
ਉਨ੍ਹਾਂ ਆਖਿਆ ਕਿ 2026 ’ਚ ਪਰਮਾਨੈਂਟ ਰੈਜ਼ੀਡੈਂਟਸ ਨੂੰ 500,000 ’ਤੇ ਸਥਿਰ ਰੱਖਿਆ ਜਾਵੇਗਾ। ਇਸ ਯੋਜਨਾ ਮੁਤਾਬਕ ਸਾਲ 2024 ਤੇ 2025 ਲਈ ਟੀਚੇ ਪਹਿਲਾਂ ਵਾਂਗ ਹੀ 485,000 ਤੇ 500,000 ਤੱਕ ਕ੍ਰਮਵਾਰ ਵਧਣਗੇ ਪਰ ਬਾਅਦ ’ਚ ਇਨ੍ਹਾਂ ਨੂੰ ਸਥਿਰ ਕਰ ਦਿੱਤਾ ਜਾਵੇਗਾ। ਪਿਛਲੇ ਕੁੱਝ ਸਾਲਾਂ ’ਚ ਲਿਬਰਲਾਂ ਨੇ ਇਨ੍ਹਾਂ ਟੀਚਿਆਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਤੇ 2021 ਤੇ 2022 ’ਚ ਤਾਂ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਸਾਰੇ ਰਿਕਾਰਡ ਤੋੜ ਗਈ।
ਹੁਣ ਇਨ੍ਹਾਂ ਵਾਧਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਕਿਉਂਕਿ ਫੈਡਰਲ ਸਰਕਾਰ ਨੂੰ ਮੌਜੂਦ ਸਰੋਤਾਂ ਤੇ ਅਫੋਰਡੇਬਲ ਹਾਊਸਿੰਗ ਦੀ ਘਾਟ ਨੂੰ ਹੱਲ ਕਰਨ ਲਈ ਵਧੇਰੇ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਮਿਲਰ ਨੇ ਕਿਹਾ ਕਿ ਇਹ ਚਿੰਤਾਵਾਂ ਕੈਨੇਡਾ ਦੇ ਆਰਥਿਕ ਵਿਕਾਸ ਅਤੇ ਲੇਬਰ ਮਾਰਕੀਟ ’ਚ ਪ੍ਰਵਾਸੀਆਂ ਦੇ ਯੋਗਦਾਨ ਦੇ ਪ੍ਰਤੀ ਸੰਤੁਲਿਤ ਹਨ।
ਬੁੱਧਵਾਰ ਨੂੰ ਪਾਰਲੀਮੈਂਟ ਹਿੱਲ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਲਰ ਨੇ ਆਖਿਆ ਕਿ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ’ਚ ਵਾਧੇ ਨਾਲ ਹਾਊਸਿੰਗ ਦੀ ਮੰਗ ’ਚ ਸਿੱਧਾ ਵਾਧਾ ਨਹੀਂ ਹੁੰਦਾ। ਜਿਵੇਂ ਕਿ ਨਵੇਂ ਇਮੀਗ੍ਰੈਂਟਸ ਨੂੰ ਹਾਊਸਿੰਗ ਦੀ ਲੋੜ ਹੋ ਸਕਦੀ ਹੈ ਪਰ ਉਹ ਨਵਾਂ ਹਾਊਸਿੰਗ ਸਟਾਕ ਤਿਆਰ ਕਰਨ ’ਚ ਵੀ ਮਦਦ ਕਰਦੇ ਹਨ।
ਮਿਲਰ ਨੇ ਆਖਿਆ ਕਿ 2026 ਲਈ ਟੀਚੇ ਨੂੰ ਸਥਿਰ ਕਰਨ ਦਾ ਇਰਾਦਾ ਇਹ ਸਮਝਣ ਲਈ ਸਮਾਂ ਕੱਢਣਾ ਹੈ ਕਿ ਅਸਲ ਪ੍ਰਭਾਵ ਕੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੈਨੇਡੀਅਨਾਂ ਦੀਆਂ ਨਜ਼ਰਾਂ ਇਮੀਗ੍ਰੇਸ਼ਨ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਹਨ। ਉਹ ਜ਼ੈਨੋਫੋਬਿਕ ਨਹੀਂ ਹਨ, ਪਰ ਉਹ ਸਾਨੂੰ ਥੋੜ੍ਹਾ ਹੋਰ ਸੰਗਠਿਤ ਹੋਣ ਲਈ ਕਹਿ ਰਹੇ ਹਨ।