ਘਰ ’ਚ ਲੱਗੀ ਅੱਗ ਦੌਰਾਨ ਉੱਚਾਈ ਤੋਂ ਹੇਠਾਂ ਡਿੱਗਿਆ ਫਾਇਰ ਫਾਈਟਰ

Toronto- ਮੰਗਲਵਾਰ ਸ਼ਾਮੀਂ ਨਾਰਥ ਯਾਰਕ ਵਿਖੇ ਇੱਕ ਘਰ ’ਚ ਲੱਗੀ ਅੱਗ ’ਤੇ ਕਾਬੂ ਪਾਉਂਦਿਆਂ ਬੇਸਮੈਂਟ ’ਚ ਡਿੱਗਣ ਕਾਰਨ ਇੱਕ ਫਾਇਰ ਫਾਈਟਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮੀਂ ਕਰੀਬ 8.30 ਵਜੇ ਵਿਲੋਡੇਲ ਅਤੇ ਕੰਪਰ ਐਵੇਨਿਊ ਇਲਾਕੇ ’ਚ ਵੇਜਵੁੱਡ ਡਰਾਈਵ ਵਿਖੇ ਇੱਕ ਘਰ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਟੋਰਾਂਟੋ ਫਾਇਰ ਚੀਫ਼ ਮੈਥਿਊ ਪੈੱਗ ਨੇ ਕਿਹਾ ਕਿ ਮੌਕੇ ’ਤੇ ਅੱਗ ’ਤੇ ਕਾਬੂ ਪਾਉਣ ਲਈ ਚੱਲ ਰਹੇ ਕਾਰਜਾਂ ਦੌਰਾਨ ਸਾਡਾ ਇੱਕ ਫਾਇਰ ਕਰਮਚਾਰੀ ਉੱਚਾਈ ਤੋਂ ਹੇਠਾਂ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪਹੁੰਚੇ ਪੈਰਾਮੈਡਿਕਸ ਨੇ ਦੱਸਿਆ ਕਿ ਉਕਤ ਫਾਇਰ ਕਰਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਸ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਪੈੱਗ ਨੇ ਕਿਹਾ ਕਿ ਇਹ ਅਸਲ ’ਚ ਸਾਡੇ ਸਾਰਿਆਂ ਲਈ ਖ਼ਤਰਨਾਕ ਹੈ ਅਤੇ ਅੱਜ ਦਾ ਇਹ ਹਾਦਸਾ ਉਸ ਜ਼ੋਖ਼ਮ ਅਤੇ ਖ਼ਤਰੇ ਦਾ ਇੱਕ ਸ਼ਕਤੀਸ਼ਾਲੀ ਅਤੇ ਸਪੱਸ਼ਟ ਉਦਾਹਰਣ ਹੈ, ਜਿਸ ਦਾ ਕਿ ਸਾਡੇ ਫਾਇਰ ਫਾਈਟਰਜ਼ਾਂ ਨੂੰ ਕੰਮ ਕਰਦੇ ਵੇਲੇ ਸਾਹਮਣਾ ਕਰਨਾ ਪੈਂਦਾ ਹੈ।
ਕਿਹਾ ਜਾ ਰਿਹਾ ਹੈ ਕਿ ਜਦੋਂ ਘਰ ’ਚ ਅੱਗ ਲੱਗੀ ਤਾਂ ਉੱਥੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਘਰ ਖ਼ਾਲੀ ਸੀ। ਪੈੱਗ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ। ਉਨ੍ਹਾਂ ਕਿਹਾ ਕਿ ਘਰ ’ਚ ਅੱਗ ਲੱਗਣ ਦੇ ਨਾਲ-ਨਾਲ ਫਾਇਰ ਕਰਮੀ ਨੂੰ ਸੱਟ ਲੱਗਣ ਦੇ ਕਾਰਨਾਂ ਦੀ ਵਿਆਪਕ ਜਾਂਚ ਕੀਤੀ ਜਾਵੇਗੀ ਅਤੇ ਇਸ ਬਾਰੇ ’ਚ ਓਨਟਾਰੀਓ ਲੇਬਰ ਮੰਤਰਾਲੇ ਅਤੇ ਫਾਇਰ ਮਾਰਸ਼ਲ ਦੇ ਦਫ਼ਤਰ ਨੂੰ ਵੀ ਸੂਚਿਤ ਕੀਤਾ ਜਾਵੇਗਾ।