ਜਲੰਧਰ ਵਿਖੇ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦਾ ਕੰਮ ਸ਼ੁਰੂ

ਜਲੰਧਰ : ਆਗਾਮੀ ਵਿਧਾਨ ਸਭਾ ਚੋਣਾਂ, 2022 ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਲੰਧਰ ਦੀਆਂ 10279 ਈ.ਵੀ.ਐਮਜ਼ (ਕੰਟਰੋਲ ਯੂਨਿਟ 2810, ਬੈਲਟ ਯੂਨਿਟ 4448, ਵੀ.ਵੀ.ਪੈਟ 3021) ਦੀ ਫਸਟ ਲੈਵਲ ਚੈਕਿੰਗ (ਐਫ.ਐਲ.ਸੀ.) ਦਾ ਕੰਮ ਵੀਰਵਾਰ ਨੂੰ ਭਾਰਤ ਇਲੈਕਟ੍ਰਾਨਿਕ ਲਿਮਟਿਡ, ਬੰਗਲੌਰ ਦੇ ਅਧਿਕਾਰਿਤ ਇੰਜੀਨੀਅਰਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਸ਼ੁਰੂ ਕੀਤਾ ਗਿਆ।

ਵੋਟਿੰਗ ਮਸ਼ੀਨਾਂ ਦੀ ਐਫ.ਐਲ.ਸੀ. ਦਾ ਕੰਮ ਜ਼ਿਲ੍ਹਾ ਈ.ਵੀ.ਐਮਜ਼ ਵੇਅਰਹਾਊਸ, ਤੀਜੀ ਮੰਜ਼ਿਲ, ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡਜ਼ ਪੰਜਾਬ, ਕਪੂਰਥਲਾ ਰੋਡ, ਜਲੰਧਰ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਦੇ ਹੁਕਮਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਜਲੰਧਰ-ਕਮ-ਜ਼ਿਲ੍ਹਾ ਈ.ਵੀ.ਐਮ. ਨੋਡਲ ਅਫ਼ਸਰ ਸ੍ਰੀ ਅਮਰਜੀਤ ਬੈਂਸ ਵੱਲੋਂ ਜਾਇਜ਼ਾ ਲਿਆ ਗਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਵੋਟਿੰਗ ਮਸ਼ੀਨਾਂ ਦੀ ਐਫ.ਐਲ.ਸੀ. ਦੀ ਕਾਰਵਾਈ ਦੌਰਾਨ ਹਾਜ਼ਰ ਹੋਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨਾਲ ਵੋਟਿੰਗ ਮਸ਼ੀਨਾਂ ਦੇ ਫੰਕਸ਼ਨ, ਵਰਕਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ।

ਸ੍ਰੀ ਬੈਂਸ ਨੇ ਇੰਜੀਨੀਅਰਾਂ ਵੱਲੋਂ ਵੋਟਿੰਗ ਮਸ਼ੀਨਾਂ ਦੀ ਕੀਤੀ ਜਾ ਰਹੀ ਫਸਟ ਲੈਵਲ ਚੈਕਿੰਗ ਦਾ ਕੰਮ ਮੁਕੰਮਲ ਹੋਣ ਤੱਕ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰੋਜ਼ਾਨਾ ਐਫ.ਐਲ.ਸੀ. ਹਾਲ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਜ਼ਿਲ੍ਹਾ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਇੰਚਾਰਜ ਈ.ਵੀ.ਐਮ ਚੋਣ ਕਾਨੂੰਨਗੋ ਜਸਪ੍ਰੀਤ ਸਿੰਘ ਅਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗਿਕ ਕੇਂਦਰ-ਕਮ-ਸਹਾਇਕ ਈ.ਵੀ.ਐਮ. ਨੋਡਲ ਅਫ਼ਸਰ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ