Game Of Death : PubG ਖੇਡਣ ਵਾਲੇ ਦੋ ਨੌਜਵਾਨਾਂ ਨੇ ਕੀਤਾ Suicide

ਲੁਧਿਆਣਾ : ਇੰਟਰਨੈੱਟ ਮੀਡੀਆ ’ਤੇ ਆਨਲਾਈਨ ਗੇਮ ਪਬਜੀ ਤੇ ਫ੍ਰੀ ਫਾਇਰ ਖੇਡਣ ਵਾਲੇ ਲੁਧਿਆਣਾ ਦੇ ਦੋ ਨੌਜਵਾਨ ਨੇ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਕੇ ਫਾਹਾ ਲੈ ਲਿਆ। ਦੋਵੇਂ ਨੌਜਵਾਨ ਲਗਾਤਾਰ ਇੰਟਰਨੈੱਟ ਮੀਡੀਆ ’ਤੇ ਇਹ ਗੇਮਾਂ ਖੇਡਣ ਕਾਰਨ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਗਏ ਸਨ। ਦੋਵੇਂ ਨੌਜਵਾਨ ਦਰੇਸੀ ਦੇ ਰਹਿਣ ਵਾਲੇ ਸਨ। ਘਟਨਾ ਸਮੇਂ ਦੋਵਾਂ ਦੇ ਪਰਿਵਾਰਕ ਮੈਂਬਰ ਘਰੋਂ ਬਾਹਰ ਗਏ ਹੋਏ ਸਨ।

ਨਿਊ ਸ਼ਿਵਪੁਰੀ ਵਾਸੀ 24 ਸਾਲਾ ਸੁਮਿਤ ਕੁਮਾਰ ਨੇ ਬੁੱਧਵਾਰ ਨੂੰ ਸਵੇਰੇ ਘਰ ’ਚ ਆਪਣੇ ਕਮਰੇ ਵਿਚ ਪੱਖੇ ਦੀ ਕੁੰਡੀ ਨਾਲ ਕੱਪਡ਼ਾ ਬੰਨ੍ਹ ਕੇ ਫਾਹਾ ਲੈ ਲਿਆ। ਦੁਪਹਿਰ ਬਾਅਦ ਜਦੋਂ ਉਸ ਦਾ ਛੋਟਾ ਭਰਾ ਘਰ ਆਇਆ ਤਾਂ ਉਸ ਨੇ ਸੁਮਿਤ ਨੂੰ ਫੰਦੇ ਨਾਲ ਲਟਕਦਾ ਦੇਖਿਆ। ਸੁਮਿਤ ਇਕ ਧਾਗਾ ਫੈਕਟਰੀ ਵਿਚ ਠੇਕੇਦਾਰੀ ਕਰਦਾ ਸੀ। ਉਹ ਅਕਸਰ ਮੋਬਾਈਲ ’ਤੇ ਪਬਜੀ ਗੇਮ ਖੇਡਦਾ ਸੀ। ਉਸ ਨੇ ਘਰ ’ਚ ਵਾਈ-ਫਾਈ ਲਵਾਇਆ ਸੀ। ਆਨਲਾਈਨ ਗੇਮ ਖੇਡਣ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਤਣਾਅ ’ਚ ਸੀ। ਇਸੇ ਪਰੇਸ਼ਾਨੀ ਵਿਚ ਉਸ ਨੇ ਇਹ ਕਦਮ ਚੁੱਕਿਆ।

ਦੂਜੇ ਮਾਮਲੇ ਵਿਚ ਕਿਰਪਾਲ ਨਗਰ ਦੇ 28 ਸਾਲਾ ਨੌਜਵਾਨ ਜਤਿੰਦਰ ਸਿੰਘ ਨੇ ਮਾਨਸਿਕ ਪਰੇਸ਼ਾਨੀ ਕਾਰਨ ਫਾਹਾ ਲੈ ਲਿਆ। ਗੁਆਂਢੀਆਂ ਨੇ ਪੁਲਿਸ ਨੂੰ ਘਟਨਾ ਦੀ ਸੁਚਨਾ ਦਿੱਤੀ। ਜਤਿੰਦਰ ਦੇ ਪਰਿਵਾਰ ਵਾਲੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਚ ਇਕ ਵਿਆਹ ਸਮਾਗਮ ’ਚ ਗਏ ਸਨ। ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਤਿੰਦਰ ਇੰਟਰਨੈੱਟ ਮੀਡੀਆ ’ਤੇ ਆਨਲਾਈਨ ਗੇਮ ਫ੍ਰੀ ਫਾਇਰ ਖੇਡਦਾ ਸੀ। ਇਸ ਕਾਰਨ ਉਹ ਪਰੇਸ਼ਾਨ ਰਹਿਣ ਲੱਗਾ ਸੀ। ਬੀਤੇ ਤਕਰੀਬਨ ਡੇਢ ਮਹੀਨੇ ਤੋਂ ਉਸ ਦੀ ਮਨੋਵਿਗਿਆਨੀ ਤੋਂ ਦਵਾਈ ਚੱਲ ਰਹੀ ਸੀ।