ਗ਼ਜ਼ਲ

ਮੇਰੀ ਔਕਾਤ ਨੂੰ ਪਰਖਦੇ- ਪਰਖਦੇ
ਉਹ ਤਾਂ ਆਪਣੀ ਹੀ ਔਕਾਤ ਨੂੰ ਭੁਲ ਗਏ।
ਚੰਨ ‘ਤੇ ਥੁੱਕੀਏ ਤਾਂ ਅਪਣੇ ਹੀ ਮੂੰਹ ‘ਤੇ ਪਵੇ
ਕੁਝ ਸਿਆਣੇ ਵੀ ਇਸ ਬਾਤ ਨੂੰ ਭੁਲ ਗਏ।

ਉਹ ਤਾਂ ਖੁਦ ਨੂੰ ਪੈਗੰਬਰ ਸਮਝਦੇ ਰਹੇ
ਖ਼ੁਦ ਨੂੰ ਧਰਤੀ ਤੇ ਅੰਬਰ ਸਮਝਦੇ ਰਹੇ
ਉਹ ਜੋ ਖ਼ੁਦ ਨੂੰ ਖ਼ੁਦਾ ਸੀ ਸਮਝਦੇ ਉਹੀ
ਅਪਣੇ ਅਸਲੇ ਅਤੇ ਜ਼ਾਤ ਨੂੰ ਭੁਲ ਗਏ।

ਕਰਜ਼ ਦਿੱਲੀ ਨੇ ਸਾਡਾ ਹੈ ਦੇਣਾ ਬੜਾ
ਜੇ ਅਸੀਂ ਚੁੱਪ ਰਹੇ ਤਾਂ ਹੈ ਮਿਹਣਾ ਬੜਾ
ਸਾਨੂੰ ਇਤਿਹਾਸ ਨੇ ਮਾਫ਼ ਕਰਨਾ ਨਹੀਂ
ਜੇ ਚੁਰਾਸੀ ਦੇ ਹਾਲਾਤ ਨੂੰ ਭੁਲ ਗਏ।

ਵਿਸ਼ਵ ਵਿਦਿਆਲਿਆਂ ਵਿਚ ਵਿਕਣ ਡਿਗਰੀਆਂ
ਤੇ ਨਿਆਂਪਾਲਿਕਾ ਵਿਚ ਨਿਆਂ ਵਿਕ ਰਿਹਾ
ਹੁਣ ਤਾਂ ਨੇਤਾ ਹੀ ਅੱਜ ਦੇ ਨਬੀ ਬਣ ਗਏ
ਲੋਕ ਨਾਨਕ ਤੇ ਸੁਕਰਾਤ ਨੂੰ ਭੁਲ ਗਏ।

ਇਕ ਸਮਾਂ ਸੀ ਕਿ ਇਨਸਾਨ ਦੀ ਹੋਂਦ ਨੂੰ
ਚੰਨ – ਤਾਰੇ ਸਲਾਮਾਂ ਸੀ ਕਰਦੇ ਸਦਾ
ਹੁਣ ਤਾਂ ਨੇਰੇ ਦੀ ਸੱਤਾ ਵਧੀ ਜਾ ਰਹੀ
ਹੁਣ ਤਾਂ ਜੁਗਨੂੰ ਵੀ ਪਰਭਾਤ ਨੂੰ ਭੁਲ ਗਏ।

-ਅਮਰੀਕ ਡੋਗਰਾ

ਸੰਪਰਕ : 9814152223