ਗੁਰਦਾਸਪੁਰ ਪੁਲਿਸ ਵੱਲੋਂ ਇਕ ਕਿਲੋ ਆਰਡੀਐੱਕਸ ਬਰਾਮਦ

ਗੁਰਦਾਸਪੁਰ : ਗੁਰਦਾਸਪੁਰ ਪੁਲਿਸ ਨੇ ਦੀਨਾਨਗਰ ਨੇੜੇ 1 ਕਿਲੋ ਆਰਡੀਐੱਕਸ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਧਮਾਕਾਖੇਜ਼ ਸਮੱਗਰੀ ਨਾਲ ਕਾਬੂ ਕੀਤੇ ਗਏ ਸੁਖਵਿੰਦਰ ਸਿੰਘ (29) ਦੇ ਪਾਕਿਸਤਾਨ ਨਾਲ ਸਬੰਧ ਹਨ।

ਉਸ ਪਾਸੋਂ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕੱਕੜ ਦਾ ਵਸਨੀਕ ਹੈ।

ਰਾਜ ਪੱਧਰੀ ਸਮਾਗਮ ‘ਚ ਪੁੱਜੇ ਮੁੱਖ ਮੰਤਰੀ ਚੰਨੀ ਦਾ ਵਿਰੋਧ 

ਮੋਗਾ : ਬੱਧਨੀ ਕਲਾਂ ‘ਚ ਰਾਜ ਪੱਧਰੀ ਸਮਾਗਮ ‘ਚ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਨ ਲਈ ਪੁੱਜੀਆਂ ਆਂਗਨਵਾੜੀ ਵਰਕਰਾਂ ਨੂੰ ਪੁਲਿਸ ਨੇ ਪਿਛੇ ਹੀ ਰੋਕ ਲਿਆ।

ਮੌਕੇ ‘ਤੇ ਭਾਰੀ ਪੁਲਿਸ ਮੁਲਜ਼ਮਾਂ ਵੱਲੋਂ ਆਂਗਣਵਾੜੀ ਵਰਕਰਾਂ ਨਾਲ ਖਿੱਚ-ਧੂਹ ਕੀਤੀ ਗਈ ਜਿਸ ਦੌਰਾਨ ਕਈ ਆਂਗਣਵਾੜੀ ਵਰਕਰਾਂ ਦੀਆਂ ਚੁੰਨੀਆਂ ਲਹਿ ਗਈਆਂ ਤੇ ਇਕ ਆਂਗਣਵਾੜੀ ਵਰਕਰ ਜ਼ਖ਼ਮੀ ਵੀ ਹੋ ਗਈ।

ਸੰਜੀਵ ਸ਼ਰਮਾ ਦੀ ਮੁਅੱਤਲੀ ਬਾਰੇ ਸੁਣਵਾਈ, ਅਗਲੀ ਤਰੀਕ 8 ਦਸੰਬਰ

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਸਾਥੀ ਤੇ ਨਗਰ ਨਿਗਮ ਦੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੂੰ ਮੁਅੱਤਲ ਕਰਨ ਦੇ ਮੁੱਦੇ ਨੂੰ ਲੈ ਕਿ ਉਨ੍ਹਾਂ ਵੱਲੋਂ ਮਾਨਯੋਗ ਹਾਈਕੋਰਟ ‘ਚ ਅਪੀਲ ਪਾਈ ਗਈ ਸੀ, ਜਿਸ ‘ਤੇ ਅੱਜ ਸੁਣਵਾਈ ਹੋਣ ਤੋਂ ਬਾਅਦ ਅਗਲੀ ਤਰੀਕ 8 ਦਸੰਬਰ ਨੂੰ ਪਾਈ ਗਈ।

ਹੋਮਗਾਰਡ ਦੇ ਜਵਾਨ ਦੀ ਗੋਲੀ ਚੱਲਣ ਨਾਲ ਮੌਤ

ਲੁਧਿਆਣਾ : ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਕੀ ਹੰਬੜਾਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਤਾਇਨਾਤ ਪੰਜਾਬ ਹੋਮਗਾਰਡ ਦੇ ਜਵਾਨ ਗੁਰਮੇਲ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਬੱਸੀਆਂ (ਰਾਏਕੋਟ) ਦੀ ਗੋਲੀ ਚੱਲਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 1 ਦਸੰਬਰ ਤੜਕੇ 7 ਵਜੇ ਹੰਬੜਾਂ ਪੁਲਿਸ ਚੌਕੀ ਅੰਦਰ ਹੀ ਕਾਰਬਨ ‘ਚੋਂ ਚੱਲੀ ਗੋਲੀ ਨਾਲ ਜਵਾਨ ਦੀ ਮੌਤ ਹੋਈ ਤਾਂ ਉਕਤ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਸਥਾਨ ‘ਤੇ ਪੁੱਜੇ ਤੇ ਉਕਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

ਚੋਗਾਵਾਂ ‘ਚ ਕਾਂਗਰਸ ਦੀ ਰੈਲੀ

ਅੰਮ੍ਰਿਤਸਰ : ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਕਾਂਗਰਸੀ ਪੰਚਾਂ-ਸਰਪੰਚਾਂ ਬਲਾਕ ਸੰਮਤੀ ਚੇਅਰਮੈਨ ਦੇ ਮੋਹਤਬਰਾਂ ਦੀ ਇਕ ਵਿਸ਼ਾਲ ਰੈਲੀ ਕਸਬਾ ਚੋਗਾਵਾਂ ਦੇ ਨਿੱਜੀ ਪੈਲਸ ਵਿਚ ਹੋਈ।

ਜਿਸ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਪੰਜਾਬ ਸਰਕਾਰੀਆ ਦੇ ਭਤੀਜੇ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਕੀਤੀ। ਇਸ ਮੌਕੇ ਮਿਸ਼ਨ 2022 ਪੰਜਾਬ ਤਹਿਤ ਚੋਣ ਦੀ ਰਣਨੀਤੀ ਤਿਆਰ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਸੂਬਾ ਰਿਜ਼ਰਵਰ ਚੇਤਨ ਚੌਹਾਨ ਵਿਸ਼ੇਸ਼ ਤੌਰ ‘ਤੇ ਪੁੱਜੇ।

ਬਿਜਲੀ ਕਰਮਚਾਰੀਆਂ ਵੱਲੋਂ ਨਾਅਰੇਬਾਜ਼ੀ

ਕਪੂਰਥਲਾ : ਜੁਆਇੰਟ ਫੋਰਮ ਦੇ ਸੱਦੇ ‘ਤੇ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬਡਵੀਜ਼ਨ ਢਿਲਵਾਂ ਦੇ ਸਕੱਤਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਬਿਜਲੀ ਕਰਮਚਾਰੀਆਂ ਵਲੋਂ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ।

ਟੀਵੀ ਪੰਜਾਬ ਬਿਊਰੋ