ਪੰਜਾਬ ‘ਚ ਤੇਜ਼ ਹਵਾਵਾਂ ਨਾਲ ਪਿਆ ਮੀਂਹ, ਦਿਨੇ ਛਾਇਆ ਹਨੇਰਾ, 10 ਜ਼ਿਲ੍ਹਿਆਂ ‘ਚ ਅਲਰਟ

ਡੈਸਕ- ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਜਲੰਧਰ ਸਣੇ ਕਈ ਸ਼ਹਿਰਾਂ ‘ਚ ਤੜਕੇ ਹੀ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਬੱਦਲ ਇੰਨੇ ਸੰਘਣੇ ਸਨ ਕਿ ਸ਼ਹਿਰ ਵਿੱਚ ਪੂਰੀ ਤਰ੍ਹਾਂ ਹਨੇਰਾ ਛਾ ਗਿਆ। ਮੀਂਹ ਇੰਨਾ ਜ਼ਿਆਦਾ ਹੈ ਕਿ ਦੋਪਹੀਆ ਵਾਹਨਾਂ ਤਾਂ ਛੱਡੋ ਕਾਰਾਂ ਤੇ ਹੋਰ ਵਾਹਨਾਂ ਨੂੰ ਵੀ ਸੜਕ ਕੰਢੇ ਖੜ੍ਹਾ ਕਰਨਾ ਪਿਆ। ਅਜਿਹਾ ਹੀ ਹਾਲ ਲੁਧਿਆਣਾ ਦਾ ਹੈ। ਲੁਧਿਆਣਾ ‘ਚ ਵੀ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਮੀਂਹ ਇੰਨਾ ਜ਼ੋਰਦਾਰ ਹੈ ਕਿ ਸੜਕਾਂ ਬਿਲਕੁਲ ਖਾਲੀ ਹੋ ਗਈਆਂ ਹਨ। ਉਥੇ ਹੀ ਅੰਮ੍ਰਿਤਸਰ ਵਿੱਚ ਮੀਂਹ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾਂ ਵੇਖਦਿਆਂ ਹੀ ਬਣਦਾ ਹੈ।

ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੇ ਆਸਾਰ ਹਨ, ਜਦਕਿ ਕੁਝ ਇਲਾਕਿਆਂ ‘ਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਅੰਮ੍ਰਿਤਸਰ ਅਤੇ ਆਸਪਾਸ ਦੇ ਇਲਾਕਿਆਂ ‘ਚ ਸਵੇਰ ਤੋਂ ਹੀ ਮੀਂਹ ਪੈ ਰਹੀ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਅਗਲੇ ਦੋ ਦਿਨਾਂ ਤੱਕ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਪਵੇਗਾ। ਇਸ ਮੀਂਹ ਨਾਲ ਜਿੱਥੇ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੇਗੀ, ਉਥੇ ਹੀ ਨਮੀ ‘ਚ ਕਮੀ ਦੇ ਨਾਲ-ਨਾਲ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ।

ਉਥੇ ਹੀ ਹੜ੍ਹਾਂ ਦਾ ਪਾਣੀ ਹਾਲੇ ਵੀ ਪਿੰਡਾਂ ਵਿੱਚ ਹੋਣ ਕਾਰਨ ਕਰੀਬ 19 ਪਿੰਡਾਂ ਵਿੱਚ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਹੈ। ਸਥਿਤੀ ਇਹ ਹੈ ਕਿ ਕਰੀਬ 19 ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਨ੍ਹਾਂ ਪਿੰਡਾਂ ਵਿੱਚ ਨਾਲ ਲੱਗਦੇ ਪਿੰਡ ਮੁਠਿਆਂਵਾਲਾ ਅਤੇ ਘੜੂੰਆਂ ਦੇ ਆਸ-ਪਾਸ ਦੇ ਪਿੰਡ ਕੋਟ ਬੁੱਢਾ, ਕੁੱਤੀਵਾਲਾ, ਸਭਰਾ, ਡੁਮਣੀਵਾਲਾ, ਗੁੱਲੇਵਾਲਾ, ਭੂਰਾ ਹਠਾੜ, ਗੜੀਕੇ, ਜੱਲੋਕੇ, ਭਾਉਵਾਲ, ਬੰਗਲਾ ਰਾਏ ਕੇ, ਤਲਵੰਡੀ ਸੋਭਾ ਸਿੰਘ, ਮਹਿਨੇਕੇ ਜੰਡ, ਜੋਧ ਸਿੰਘ ਵਾਲਾ ਅਤੇ ਝੁੱਗੀਆਂ ਸ਼ਾਮਲ ਹਨ।