ਬੰਦੂਕ ਰੱਖਣ ਦੇ ਮਾਮਲੇ ’ਚ ਅਮਰੀਕੀ ਰਾਸ਼ਟਰਪਤੀ ਬੇਟਾ ਹੰਟਰ ਬਾਇਡਨ ਦੋਸ਼ੀ ਕਰਾਰ

Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਹੰਟਰ ਬਾਇਡਨ ’ਤੇ ਬੰਦੂਕ ਖਰੀਦਦੇ ਵੇਲੇ ਝੂਠ ਬੋਲਣ ਦੇ ਤਿੰਨ ਮਾਮਲਿਆਂ ’ਚ ਅਪਰਾਧਿਕ ਦੋਸ਼ ਲੱਗੇ ਹਨ। ਦੋਸ਼ ਹੈ ਕਿ ਹੰਟਰ ਬਾਇਡਨ ਇਸ ਮਾਮਲੇ ’ਚ ਕਈ ਵਾਰ ਝੂਠ ਬੋਲ ਚੁੱਕੇ ਹਨ। ਇਸ ਮਾਮਲੇ ’ਚ ਹੰਟਰ ਬਾਇਡਨ ਵਿਰੁੱਧ ਕਾਫ਼ੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਸੀ। ਅਜਿਹਾ ਪਹਿਲਾ ਵਾਰ ਹੈ, ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਬੱਚੇ ’ਤੇ ਅਪਰਾਧਿਕ ਮੁਕੱਦਮਾ ਚਲਾਇਆ ਗਿਆ ਹੋਵੇ।
ਇਹ ਤਿੰਨੋਂ ਮਾਮਲੇ ਬਾਇਡਨ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਕਥਿਤ ਤੌਰ ’ਤੇ ਉਸ ਵੇਲੇ ਬੰਦੂਕ ਖ਼ਰੀਦਦੇ ਸਮੇਂ ਫਾਰਮ ’ਤੇ ਝੂਠ ਬੋਲਿਆ, ਜਦੋਂ ਉਹ ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਦੇ ਸਨ। ਡੇਲਾਵੇਅਰ ’ਚ ਫੈਡਰਲ ਅਦਾਲਤ ’ਚ ਦਾਇਰ ਕੀਤੇ ਗਏ ਦੋਸ਼ ਮੁਤਾਬਕ, ਬਾਇਡਨ ’ਤੇ ਅਕਤੂਬਰ 2018 ’ਚ ਇੱਕ ਬੰਦੂਕ ਖਰੀਦਦੇ ਵੇਲੇ ਉਸ ਵਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਝੂਠ ਬੋਲਣ ਦਾ ਦੋਸ਼ ਹੈ। ਨਿਆਂ ਵਿਭਾਗ ਨੇ ਇੱਕ ਬਿਆਨ ’ਚ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਮਗਰੋਂ ਬਾਇਡਨ ਨੂੰ ਵੱਧ ਤੋਂ ਵੱਧ 25 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਬਾਇਡਨ ਨੇ ਅਕਤੂਬਰ 2018 ’ਚ ਡੇਲਾਵੇਅਰ ਬੰਦੂਕ ਦੀ ਦੁਕਾਨ ਤੋਂ ਕੋਲਟ ਰਿਵਾਲਵਰ ਖੀਰਦਦੇ ਵੇਲੇ ਸੰਘੀ ਤੌਰ ’ਤੇ ਲਾਜ਼ਮੀ ਫਾਰਮਾਂ ’ਤੇ ਝੂਠ ਬੋਲਿਆ ਹੈ। ਉਸ ਨੇ 11 ਦਿਨਾਂ ਤੱਕ ਬੰਦੂਕ ਆਪਣੇ ਕੋਲ ਰੱਖੀ ਸੀ। ਬੰਦੂਕ ਖ਼ਰੀਦਦੇ ਸਮੇਂ ਬਾਇਡਨ ਵੱਡੀ ਮਾਤਰਾ ’ਚ ਕਰੈਕ ਕੋਕੀਨ ਦੀ ਵਰਤੋਂ ਕਰਦੇ ਸਨ। ਯੂ. ਐੱਸ. ਫੈਡਰਲ ਕਾਨੂੰਨਾਂ ਦੇ ਤਹਿਤ, ਅਜਿਹੇ ਦਸਤਾਵੇਜ਼ਾਂ ’ਤੇ ਝੂਠ ਬੋਲਣਾ ਜਾਂ ਨਸ਼ੀਨੇ ਪਦਾਰਥਾਂ ਦੀ ਵਰਤੋਂ ਕਰਦੇ ਵੇਲੇ ਹਥਿਆਰ ਰੱਖਣਾ ਅਪਰਾਧ ਹੈ।
ਇੰਨਾ ਹੀ ਨਹੀਂ, ਹੰਟਰ ਬਾਇਡਨ ਵਪਾਰਕ ਸੌਦਿਆਂ ਦੀ ਜਾਂਚ ਦੇ ਦਾਇਰੇ ’ਚ ਵੀ ਹਨ। ਮਾਮਲੇ ਦੀ ਦੇਖ-ਰੇਖ ਕਰਨ ਵਾਲੇ ਵਿਸ਼ੇਸ਼ ਵਕੀਲ ਨੇ ਸੰਕੇਤ ਦਿੱਤਾ ਹੈ ਕਿ ਵੇਲੇ ਸਿਰ ਟੈਕਸ ਦਾ ਭੁਗਤਾਨ ਨਾ ਕੀਤੇ ਜਾਣ ਦਾ ਦੋਸ਼ ਵਾਸ਼ਿੰਗਟਨ ਜਾਂ ਕੈਲੀਫੋਰਨੀਆ ’ਚ ਦਾਇਰ ਕੀਤਾ ਜਾ ਸਕਦਾ ਹੈ, ਜਿੱਥੇ ਕਿ ਉਹ ਰਹਿੰਦੇ ਹਨ।