ਰਿਸ਼ਤੇਦਾਰ ਨਾਲ ਫੋਨ ’ਤੇ ਕੀਤੀ ਹਿੰਦੀ ’ਚ ਗੱਲ, ਨੌਕਰੀ ਤੋਂ ਕੱਢਿਆ ਗਿਆ ਭਾਰਤੀ ਇੰਜੀਨੀਅਰ

Washington- ਅਮਰੀਕਾ ’ਚ ਰਹਿ ਰਹੇ ਭਾਰਤੀ ਮੂਲ ਦੇ 78 ਸਾਲਾ ਇੰਜੀਨੀਅਰ ਨੂੰ ਸਿਰਫ਼ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ, ਕਿਉਂਕਿ ਉਹ ਭਾਰਤ ’ਚ ਮਰਨ ਕੰਢੇ ਬੈਠੇ ਆਪਣੇ ਇੱਕ ਰਿਸ਼ਤੇਦਾਰ ਨਾਲ ਵੀਡੀਓ ਕਾਲ ’ਤੇ ਹਿੰਦੀ ’ਚ ਗੱਲ ਕਰ ਰਿਹਾ ਸੀ। ਅਮਰੀਕੀ ਮੀਡੀਆ ਨੇ ਇਹ ਖ਼ਬਰ ਦਿੰਦਿਆਂ ਦੱਸਿਆ ਕਿ ਅਲਬਾਮਾ ’ਚ ਮਿਜ਼ਾਈਲ ਡਿਫੈਂਸ ਕਾਨਟ੍ਰੈਕਟਰ ਨਾਲ ਲੰਬੇ ਸਮੇਂ ਤੋਂ ਅਨਿਲ ਵਾਰਸ਼ਨੇ ਕੰਮ ਕਰ ਰਹੇ ਸਨ ਅਤੇ ਨੌਕਰੀ ਤੋਂ ਕੱਢੇ ਜਾਣ ਦੇ ਫ਼ੈਸਲੇ ਨੂੰ ਉਨ੍ਹਾਂ ਨੇ ਅਮਰੀਕੀ ਅਦਾਲਤ ’ਚ ਚੁਣੌਤੀ ਦਿੱਤੀ ਹੈ। ਅਨਿਲ ਵਾਰਸ਼ਨੇ ਨੇ ਮਿਜ਼ਾਈਲ ਡਿਫੈਂਸ ਪਾਰਸਨਜ਼ ਕਾਰਪੋਰੇਸ਼ਨ ਅਤੇ ਅਮਰੀਕੀ ਰੱਖਿਆ ਮੰਤਰੀ ਲਾਇਡ ਜੇ. ਆਸਟਿਨ ਵਿਰੁੱਧ ਭੇਦਭਾਵਪੂਰਨ ਕਾਰਵਾਈ ਕਰਨ ਦਾ ਦੋਸ਼ ਲਾਉਂਦਿਆਂ ਮੁਕੱਦਮਾ ਦਰਜ ਕਰਾਇਆ ਹੈ।
ਵਾਰਸ਼ਨੇ ਹੰਟਸਵਿਲੀ ਮਿਜ਼ਾਈਲ ਡਿਫੈਂਸ ਕਾਨਟ੍ਰੈਕਟਰ ਪਾਰਸਨਜ਼ ਕਾਰਪੋਰੇਸ਼ਨ ’ਚ ਬਤੌਰ ਸੀਨੀਅਰ ਸਿਸਟਮ ਇੰਜੀਨੀਅਰ ਕੰਮ ਕਰ ਰਹੇ ਸਨ। ਉਨ੍ਹਾਂ ਨੇ ਫੈਡਰਲ ਅਦਾਲਤ ’ਚ ਦਾਖ਼ਲ ਮੁਕੱਦਮੇ ’ਚ ਇਹ ਦੋਸ਼ ਲਾਇਆ ਕਿ ਉਨ੍ਹਾਂ ਨਾਲ ਵਿਤਕਰਾ ਕੀਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਬੇਰੁਜ਼ਗਾਰ ਹੋਣਾ ਪਿਆ। ਮੁਕੱਦਮੇ ’ਚ ਦਾਅਵਾ ਕੀਤਾ ਗਿਆ ਹੈ ਕਿ 26 ਸਤੰਬਰ, 2022 ’ਚ ਵਾਰਸ਼ਨੇ ਨੂੰ ਮੌਤ ਦੇ ਕੰਢੇ ਬੈਠੇ ਉਨ੍ਹਾਂ ਦੇ ਰਿਸ਼ਤੇਕਾਰ ਕੇਸੀ ਗੁਪਤਾ ਦਾ ਭਾਰਤ ਤੋਂ ਫੋਨ ਆਇਆ, ਜੋ ਕਿ ਆਖ਼ਰੀ ਵਾਰ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਸਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਵਰਸ਼ਨੇ ਇੱਕ ਖ਼ਾਲੀ ਥਾਂ ’ਤੇ ਗਏ ਅਤੇ ਉਨ੍ਹਾਂ ਨੇ ਫੋਨ ਚੁੱਕਿਆ। ਮੁਕੱਦਮੇ ਮੁਤਾਬਕ, ਫੋਨ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਕੋਈ ਗੁਪਤ ਸਮੱਗਰੀ, ਐਮ. ਡੀ. ਏ. (ਮਿਜ਼ਾਈਲ ਡਿਫੈਂਸ ਏਜੰਸੀ) ਜਾਂ ਪਾਰਸਨਜ਼ ਦੇ ਕੰਮ ਨਾਲ ਜੁੜੀ ਕੋਈ ਸਮੱਗਰੀ ਉਨ੍ਹਾਂ ਦੇ ਨੇੜੇ ਨਾ ਹੋਵੇ। ਇਸ ਗੱਲਬਾਤ ਨੂੰ ਉਨ੍ਹਾਂ ਦੇ ਸਹਿ ਕਰਮਚਾਰੀ ਨੇ ਸੁਣ ਲਿਆ ਅਤੇ ਉਸ ਨੇ ‘ਝੂਠੀ’ ਰਿਪੋਰਟ ਕੀਤੀ ਕਿ ਵਾਰਸ਼ਨੇ ਨੇ ਗੁਪਤ ਜਾਣਕਾਰੀ ਦਾ ਖ਼ੁਲਾਸਾ ਕਰਕੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ। ਵਾਰਸ਼ਨੇ ਨੇ ਆਪਣੇ ਮੁਕੱਦਮੇ ’ਚ ਕਿਹਾ ਹੈ ਕਿ ਫੋਨ ’ਤੇ ਉਨ੍ਹਾਂ ਨੇ ਕੋਈ ਗੁਪਤ ਜਾਂ ਵਰਗੀਕ੍ਰਿਤ ਜਾਣਕਾਰੀ ਨਹੀਂ ਦਿੱਤੀ ਸੀ। ਉਨ੍ਹਾਂ ਮੁਤਾਬਕ ਜਿਹੜੇ ਕਿਊਬੀਕਲ ’ਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ ਸੀ, ਉਹ ਬਿਲਕੁਲ ਖ਼ਾਲੀ ਸੀ ਅਤੇ ਉੱਥੇ ਦਫ਼ਤਰ ਦੀ ਕੋਈ ਸਮੱਗਰੀ ਜਾਂ ਕੰਧ ’ਤੇ ਲਟਕੀ ਹੋਈ ਵਸਤੂ ਨਹੀਂ ਸੀ।