ਨਿਊਯਾਰਕ ਦੀਆਂ ਚਾਰ ਉੱਘੀਆਂ ਭਾਰਤੀ-ਅਮਰੀਕੀ ਔਰਤਾਂ ਨੂੰ ਮਿਲਿਆ ਵੱਡਾ ਸਨਮਾਨ

ਡੈਸਕ- ਨਿਊਯਾਰਕ ਦੀਆਂ ਚਾਰ ਉੱਘੀਆਂ ਭਾਰਤੀ-ਅਮਰੀਕੀ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿਚ ਯੋਗਦਾਨ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਸਨਮਾਨਤ ਕੀਤਾ ਗਿਆ। ਮਹਾਰਾਣੀ ਰਾਧਿਕਾਰਾਜੇ ਗਾਇਕਵਾੜ, ਨੀਨਾ ਸਿੰਘ, ਡਾ: ਇੰਦੂ ਲਿਊ ਅਤੇ ਮੇਘਾ ਦੇਸਾਈ ਨੂੰ ਨਿਊਯਾਰਕ ’ਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਫ਼ੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸਨਜ਼ (ਐਫ਼ਆਈਏ) ਦੁਆਰਾ ਆਯੋਜਤ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਰੋਹ ਦੇ 6ਵੇਂ ਐਡੀਸ਼ਨ ਵਿਚ ਸਨਮਾਨਤ ਕੀਤਾ ਗਿਆ।

ਐਫ਼.ਆਈ.ਏ ਨੇ ਬਿਆਨ ਵਿਚ ਕਿਹਾ ਕਿ ਗਾਇਕਵਾੜ ਇਕ ਦੂਰਦਰਸ਼ੀ ਸ਼ਖਸੀਅਤ ਹਨ, ਜੋ ਅਪਣੇ ਪਰਉਪਕਾਰੀ ਕੰਮ ਰਾਹੀਂ ਸਿਖਿਆ ਅਤੇ ਭਾਈਚਾਰਕ ਸਸ਼ਕਤੀਕਰਨ ਲਈ ਵਚਨਬੱਧ ਹੈ। ਨੀਨਾ ਸਿੰਘ ਨਿਊ ਜਰਸੀ ਦੀ ਪਹਿਲੀ ਭਾਰਤੀ ਅਤੇ ਸਿੱਖ ਮਹਿਲਾ ਮੇਅਰ ਹੈ ਅਤੇ ਉਹ ਮਾਨਸਿਕ ਤੰਦਰੁਸਤੀ ਅਤੇ ਭਾਈਚਾਰਕ ਰੁਝੇਵਿਆਂ ਲਈ ਅਪਣੇ ਸਮਰਪਣ ਲਈ ਜਾਣੀ ਜਾਂਦੀ ਹੈ।

ਡਾ.ਇੰਦੂ ਲਿਊ ਇਕ ਕਲੀਨਿਕਲ ਫਾਰਮਾਸਿਸਟ ਹੋਣ ਤੋਂ ਲੈ ਕੇ ਬਰਨਾਬਾਸ ਹੈਲਥ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਚੀਫ਼ ਆਫ਼ ਸਟਾਫ਼ ਬਣੀ ਅਤੇ ਸਿਹਤ ਸੰਭਾਲ ਵਿਚ ਬੇਮਿਸਾਲ ਲੀਡਰਸ਼ਿਪ ਦਾ ਪ੍ਰਦਰਸ਼ਨ ਕੀਤਾ। ਦੇਸਾਈ, ਦੇਸਾਈ ਫ਼ਾਊਂਡੇਸ਼ਨ ਦੀ ਪ੍ਰਧਾਨ ਹਨ, ਜਿਸਦਾ ਕੰਮ ਗ੍ਰਾਮੀਣ ਭਾਰਤ ਵਿਚ ਔਰਤਾਂ ਅਤੇ ਬੱਚਿਆਂ ਲਈ ਸਿਹਤ, ਰੋਜ਼ੀ-ਰੋਟੀ ਅਤੇ ਮਾਹਵਾਰੀ ਸਮਾਨਤਾ ਨੂੰ ਬਿਹਤਰ ਬਣਾਉਣ ’ਤੇ ਕੇਂਦਰਤ ਹੈ।

ਬਿਆਨ ਅਨੁਸਾਰ ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਬਿਨਯਾ ਪ੍ਰਧਾਨ ਅਤੇ ਐਫ਼.ਆਈ.ਏ ਦੇ ਪ੍ਰਧਾਨ ਡਾਕਟਰ ਅਵਿਨਾਸ਼ ਗੁਪਤਾ ਨੇ ਕੌਂਸਲੇਟ ਵਿਚ ਇੱਕਠ ਨੂੰ ਸੰਬੋਧਨ ਕਰਦਿਆਂ ਸਮਾਜ ਵਿਚ ਔਰਤਾਂ ਦੀ ਲਾਜ਼ਮੀ ਭੂਮਿਕਾ ਅਤੇ ਭਾਰਤ ਵਿਚ ਔਰਤਾਂ ਦੇ ਸਸ਼ਕਤੀਕਰਨ ਵਲ ਕੀਤੇ ਗਏ ਮਹੱਤਵਪੂਰਨ ਕਦਮਾਂ ਨੂੰ ਸਵੀਕਾਰ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਪੁਰਸਕਾਰ ਜੇਤੂਆਂ ਦੇ ਯੋਗਦਾਨ ਦੀ ਭਾਵਨਾ ਦੀ ਸ਼ਲਾਘਾ ਕੀਤੀ।