ਈਰਾਨ ਦੇ ਹਵਾਈ ਹਮਲੇ ਨਾਲ ਹਿੱਲਿਆ ਪਾਕਿਸਤਾਨ, ਤਬਾਹ ਕੀਤੇ ਅਤਿਵਾਦੀਆਂ ਦੇ ਟਿਕਾਣੇ

ਡੈਸਕ- ਇਕ ਪਾਸੇ ਦੁਨੀਆ ਦੇ ਦੋ ਵੱਡੇ ਦੇਸ਼ਾਂ ਵਿਚਕਾਰ ਭਿਆਨਕ ਜੰਗ ਚੱਲ ਰਹੀ ਹੈ। ਵਿਸ਼ਵ ਯੁੱਧ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ ਪਰ ਇਸ ਦੌਰਾਨ ਈਰਾਨ ਦੀ ਇੱਕ ਕਾਰਵਾਈ ਨੇ ਤਣਾਅ ਵਧਾ ਦਿੱਤਾ ਹੈ। ਈਰਾਨ ਨੇ ਪਾਕਿਸਤਾਨ ‘ਤੇ ਜ਼ਬਰਦਸਤ ਹਮਲਾ ਕੀਤਾ ਹੈ।

ਈਰਾਨ ਨੇ ਅਤਿਵਾਦੀ ਸੰਗਠਨ ਜੈਸ਼ ਅਲ-ਅਦਲ ਦੇ ਟਿਕਾਣਿਆਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ। ਈਰਾਨ ਦੇ ਹਮਲੇ ਨੇ ਭਾਰੀ ਤਬਾਹੀ ਮਚਾਈ ਹੈ। ਈਰਾਨ ਦੇ ਹਮਲੇ ਤੋਂ ਪਾਕਿਸਤਾਨ ਨਾਰਾਜ਼ ਹੈ ਅਤੇ ਧਮਕੀ ਦਿੱਤੀ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਹਵਾਈ ਖੇਤਰ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਕਪਾਸੜ ਕਾਰਵਾਈ ਚੰਗੇ ਗੁਆਂਢੀ ਦੀ ਨਿਸ਼ਾਨੀ ਨਹੀਂ ਹੈ। ਜੈਸ਼ ਅਲ ਅਦਲ ਨੇ ਇਹ ਵੀ ਕਿਹਾ ਹੈ ਕਿ ਇਹ ਹਮਲਾ ਕਈ ਮਿਜ਼ਾਈਲਾਂ ਨਾਲ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਈਰਾਨੀ ਅਧਿਕਾਰੀ ਨੂੰ ਵੀ ਤਲਬ ਕੀਤਾ ਹੈ।

ਈਰਾਨ ਦੇ ਹਵਾਈ ਹਮਲੇ ਨੇ ਪਾਕਿਸਤਾਨ ਵਿਚ ਭਾਰੀ ਤਬਾਹੀ ਮਚਾਈ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਹਮਲੇ ‘ਚ 2 ਬੱਚਿਆਂ ਦੀ ਮੌਤ ਹੋ ਗਈ ਹੈ। 6 ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਤੋਂ ਇਲਾਵਾ ਦੋ ਘਰ ਵੀ ਤਬਾਹ ਹੋ ਗਏ ਹਨ। ਈਰਾਨ ਦੇ ਹਮਲੇ ਤੋਂ ਬਾਅਦ ਹੋਈ ਤਬਾਹੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕਈ ਰਿਹਾਇਸ਼ੀ ਘਰ ਖੰਡਰ ਵਿੱਚ ਤਬਦੀਲ ਹੋ ਗਏ ਹਨ। ਵੀਡੀਓ ਜੈਸ਼ ਅਲ ਅਦਲ ਨੇ ਜਾਰੀ ਕੀਤਾ ਹੈ।